ਅੰਮ੍ਰਿਤਸਰ: ਥਾਣਾ ਲੋਪੋਕੇ ਅਧੀਨ ਪਿੰਡ ਕੱਕੜ ਵਿੱਚ ਇੱਕ ਪਿਤਾ ਵੱਲੋਂ ਟਿਊਬਵੈੱਲ ‘ਤੇ ਮਾਸੂਮ ਬੱਚੇ ਨੂੰ ਫਾਹਾ ਦੇਕੇ ਖੁਦ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ ਹੈ। ਖੁਦਕੁਸ਼ੀ ਦਾ ਕਾਰਨ ਘਰੇਲੂ ਕਲੇਸ਼ ਦੱਸਿਆ ਜਾ ਰਿਹਾ ਹੈ।ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਜਸਪਾਲ ਸਿੰਘ ਰਾਣਾ (28) ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਕੱਕੜ ਘਰੇਲ਼ੂ ਜ਼ਮੀਨੀ ਵੰਡ ਤੋਂ ਨਾਖ਼ੁਸ਼ ਸੀ।
ਮ੍ਰਿਤਕ ਦੇ ਸਹੁਰੇ ਪਰਿਵਾਰ ‘ਚੋਂ ਚਰਨਜੀਤ ਸਿੰਘ ਪੁੱਤਰ ਦਲਬੀਰ ਸਿੰਘ ਨੇ ਦੱਸਿਆ ਕਿ ਜਸਪਾਲ ਸਿੰਘ ਨੇ ਤਿੰਨ ਦਿਨ ਪਹਿਲਾਂ ਉਸ ਨਾਲ ਫੋਨ ‘ਤੇ ਚੱਲ ਰਹੇ ਵਿਵਾਦ ਦਾ ਜ਼ਿਕਰ ਕੀਤਾ ਸੀ।
ਚਰਨਜੀਤ ਅਨੁਸਾਰ ਉਸ ਨੇ ਜਦੋਂ ਦਖ਼ਲ ਦੀ ਪੇਸ਼ਕਸ਼ ਕੀਤੀ ਤਾਂ ਜਸਪਾਲ ਨੇ ਉਕਤ ਪੇਸ਼ਕਸ਼ ਠੁਕਰਾ ਦਿੱਤੀ। ਪ੍ਰਾਪਤ ਵੇਰਵਿਆਂ ਅਨੁਸਾਰ ਜਸਪਾਲ ਦੀ ਪਤਨੀ ਜ਼ਮੀਨੀ ਵੰਡ ਤੋਂ ਨਾਰਾਜ਼ ਸੀ ਤੇ ਘਰ ਦੇ ਵਿਹੜੇ ‘ਚ ਕੰਧ ਕਰਨਾ ਚਾਹੁੰਦੀ ਸੀ, ਜਿਸ ਕਾਰਨ ਜਸਪਾਲ ਸਿੰਘ ਡਾਹਢਾ ਦੁਖੀ ਸੀ।
ਘਟਨਾ ਵਾਲੇ ਦਿਨ ਜਸਪਾਲ ਸਿੰਘ ਨੇ ਆਪਣੇ ਬੇਟੇ ਗੁਰਲਾਲ ਸਿੰਘ (6 ਸਾਲ) ਨੂੰ ਮੋਟਰਸਾਈਕਲ ‘ਤੇ ਬਿਠਾਇਆ ਤੇ ਟਿਊਬਵੈੱਲ ‘ਤੇ ਲੈ ਗਿਆ। ਉੱਥੇ ਜਾ ਕੇ ਉਸ ਨੇ ਗੁਰਲਾਲ ਨੂੰ ਫ਼ਾਹਾ ਦੇ ਕੇ ਮਾਰ ਦਿੱਤਾ, ਇਸ ਤੋਂ ਬਾਅਦ ਆਪ ਵੀ ਕੋਈ ਜ਼ਹਿਰੀਲਾ ਪਦਾਰਥ ਨਿਗਲ ਲਿਆ। ਪਤਾ ਲੱਗਣ ‘ਤੇ ਆਸ-ਪਾਸ ਦੇ ਲੋਕਾਂ ਨੇ ਇਨ੍ਹਾਂ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ‘ਚ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।