ਪੰਜਾਬ ਵਿੱਚ ਧਾਰਾ 144 ਲਾਗੂ,ਆਮ ਲੋਕ ਰੱਖਣ ਇਹਨਾਂ ਗੱਲਾਂ ਦਾ ਧਿਆਨ

Tags


ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਦਿੱਲੀ ਤੋਂ ਵਾਪਸ ਪਰਤਣ ਤੋਂ ਬਾਅਦ ਰਾਜ ਦੇ ਸਿਵਲ ਤੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨਾਲ ਇੱਕ ਮੀਟਿੰਗ ਦੌਰਾਨ ਡੇਰਾ ਸੱਚਾ ਸੌਦਾ ਮੁਖੀ ਦੀ ਸੀ. ਬੀ. ਆਈ. ਅਦਾਲਤ ‘ਚ 25 ਅਗਸਤ ਦੀ ਪੇਸ਼ੀ ਨੂੰ ਲੈ ਕੇ ਰਾਜ ‘ਚ ਪੈਦਾ ਹੋਈ ਹੰਗਾਮੀ ਸਥਿਤੀ ‘ਤੇ ਵਿਚਾਰ ਕਰਨ ਤੋਂ ਬਾਅਦ ਸਮੁੱਚੇ ਰਾਜ ‘ਚ ਧਾਰਾ 144 ਲਾਗੂ ਕਰਨ ਅਤੇ ਹਥਿਆਰ ਲੈ ਕੇ ਤੁਰਨ ਫਿਰਨ ‘ਤੇ ਪਾਬੰਦੀ ਲਗਾਉਣ ਦੇ ਫ਼ੈਸਲੇ ਨਾਲ 25 ਅਗਸਤ ਨੂੰ ਰਾਜ ਦੇ ਸਮੁੱਚੇ ਸਕੂਲ ਤੇ ਕਾਲਜ ਬੰਦ ਕਰਨ ਦਾ ਫ਼ੈਸਲਾ ਲਿਆ |
ਮੀਟਿੰਗ ਦੌਰਾਨ ਪੁਲਿਸ ਅਧਿਕਾਰੀਆਂ ਵੱਲੋਂ ਮੁੱਖ ਮੰਤਰੀ ਕੋਲ ਖ਼ਦਸ਼ਾ ਪ੍ਰਗਟ ਕੀਤਾ ਗਿਆ ਸੀ ਕਿ 24 ਅਗਸਤ ਦੀ ਰਾਤ ਨੂੰ ਰਾਜ ਦੇ ਬਹੁਤ ਸਾਰੇ ਜ਼ਿਲਿ੍ਆਂ ‘ਚੋਂ ਡੇਰਾ ਸਮਰਥਕ ਪੰਚਕੂਲਾ ਵੱਲ ਤੁਰਨ ਦਾ ਪ੍ਰੋਗਰਾਮ ਬਣਾ ਰਹੇ ਹਨ, ਜਿਸ ਕਾਰਨ ਆਵਾਜਾਈ ਦੇ ਰਸਤੇ ਬੰਦ ਹੋ ਸਕਦੇ ਹਨ ਅਤੇ ਆਮ ਲੋਕਾਂ ਨੂੰ ਵਿੱਦਿਅਕ ਸੰਸਥਾਵਾਂ ,ਅਤੇ ਦੂਜੀ ਜਗਾਹ ਤੱਕ ਪਹੁੰਚਣ ‘ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ |
ਇਸ ਲਈ ਜੇਕਰ ਕੱਲ੍ਹ 25 ਤਰੀਕ ਨੂੰ ਜੇ ਬਹੁਤ ਜ਼ਿਆਦਾ ਜਰੂਰੀ ਨਾ ਹੋਵੇ ਤਾਂ ਘਰ ਵਿੱਚ ਹੀ ਰਹੋ ਅਤੇ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਆਪਣੇ ਪ੍ਰੋਗਰਾਮ ਬਣਾਓ | ਮੀਟਿੰਗ ਦੌਰਾਨ ਰਾਜ ਦੇ ਪੁਲਿਸ ਮੁਖੀ ਸ੍ਰੀ ਸੁਰੇਸ਼ ਅਰੋੜਾ ਵੱਲੋਂ ਦੱਸਿਆ ਗਿਆ ਕਿ ਕੇਂਦਰ ਤੋਂ ਰਾਜ ਨੂੰ ਸੁਰੱਖਿਆ ਬਲਾਂ ਦੀਆਂ 10 ਕੰਪਨੀਆਂ ਹੋਰ ਮਿਲ ਗਈਆਂ ਹਨ ਅਤੇ ਹੁਣ ਰਾਜ ‘ਚ ਕੇਂਦਰੀ ਸੁਰੱਖਿਆ ਬਲਾਂ ਦੀਆਂ 85 ਕੰਪਨੀਆਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ |
ਮੀਟਿੰਗ ਦੌਰਾਨ ਦੱਸਿਆ ਗਿਆ ਕਿ ਸੰਵੇਦਨਸ਼ੀਲ ਖ਼ੇਤਰਾਂ ਬਰਨਾਲਾ, ਸੰਗਰੂਰ, ਬਠਿੰਡਾ, ਮੋਗਾ, ਪਟਿਆਲਾ ਤੇ ਲੁਧਿਆਣਾ ਆਦਿ ਵਿਖੇ ਪੁਲਿਸ ਤਾਇਨਾਤ ਕੀਤੀ ਗਈ ਹੈ ਅਤੇ ਪੁਲਿਸ ਅਧਿਕਾਰੀਆਂ ਨੂੰ 24 ਘੰਟੇ ਗਸ਼ਤ ਜਾਰੀ ਰੱਖਣ ਲਈ ਕਿਹਾ ਗਿਆ ਹੈ | ਹਰਿਆਣਾ ਨਾਲ ਲੱਗਦੀ ਸਰਹੱਦ ‘ਤੇ ਵੀ ਸੁਰੱਖਿਆ ਮਜ਼ਬੂਤ ਕਰਨ ‘ਤੇ ਸਰਹੱਦ ਨੂੰ ਸੀਲ ਕਰਨ ਦਾ ਫ਼ੈਸਲਾ ਲਿਆ ਗਿਆ ਤਾਂ ਜੋ ਹਰਿਆਣਾ ਵੱਲੋਂ ਸੇਵਕ ਪੰਜਾਬ ‘ਚ ਦਾਖ਼ਲ ਨਾ ਹੋ ਸਕਣ |
ਮੀਟਿੰਗ ਦੌਰਾਨ ਡੇਰਾ ਸੱਚਾ ਸੌਦਾ ਦੇ ਕੁਝ ਨਾਮ ਚਰਚਾ ਘਰਾਂ ‘ਚ ਪੈਟਰੋਲ, ਹਥਿਆਰ ਅਤੇ ਪੱਥਰ ਆਦਿ ਇਕੱਠੇ ਕਰਨ ਦੀਆਂ ਰਿਪੋਰਟਾਂ ‘ਤੇ ਵੀ ਵਿਚਾਰ ਹੋਇਆ ਅਤੇ ਮੁੱਖ ਮੰਤਰੀ ਵੱਲੋਂ ਆਦੇਸ਼ ਦਿੱਤਾ ਗਿਆ ਕਿ ਸੂਬੇ ਦੀ ਸ਼ਾਂਤੀ ਤੇ ਸਦਭਾਵਨਾ ਨੂੰ ਕਾਇਮ ਰੱਖਣ ਲਈ ਅਜਿਹੇ ਤੱਤਾਂ ਵਿਰੁੱਧ ਸਖ਼ਤ ਕਾਰਵਾਈ ਹੋਵੇ ਅਤੇ ਕਿਸੇ ਨੂੰ ਵੀ ਹਥਿਆਰ ਜਾਂ ਵਿਸਫੋਟਕ ਆਦਿ ਦਾ ਜ਼ਖੀਰਾ ਜਮ੍ਹਾਂ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ |
ਮੀਟਿੰਗ ਦੌਰਾਨ ਦੱਸਿਆ ਗਿਆ ਕਿ ਪੁਲਿਸ ਵੱਲੋਂ ਡੇਰਾ ਸੱਚਾ ਸੌਦਾ ਦੇ ਸੇਵਕਾਂ ਤੋਂ ਅੱਜ 5 ਵਾਇਰਲ ਸੈੱਟ ਫ਼ੜੇ ਗਏ ਅਤੇ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ‘ਤੇ ਹਥਿਆਰ ਇਕੱਠੇ ਕਰਨ ਦੀਆਂ ਰਿਪੋਰਟਾਂ ਦੀ ਪੁਸ਼ਟੀ ਲਈ ਵੀ ਕਾਰਵਾਈ ਚੱਲ ਰਹੀ ਹੈ। ਮੁੱਖ ਮੰਤਰੀ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਸਖ਼ਤ ਆਦੇਸ਼ ਦਿੱਤੇ ਗਏ ਹਨ ਕਿ ਅਫ਼ਵਾਹਾਂ ‘ਤੇ ਨਜ਼ਰ ਰੱਖਣ ਲਈ ਸੋਸ਼ਲ ਮੀਡੀਆ ‘ਤੇ ਵੀ ਕਰੜੀ ਨਜ਼ਰ ਰੱਖੀ ਜਾਵੇ ਲੋੜ ਪੈਣ ਉਪਰ ਇੰਟਰਨੇਟ ਦੀ ਸੁਵਿਧਾ ਵੀ ਬੰਦ ਕੀਤੀ ਜਾਵੇ |
ਉਨ੍ਹਾਂ ਅਧਿਕਾਰੀਆਂ ਨੂੰ ਸਪੱਸ਼ਟ ਆਦੇਸ਼ ਦਿੱਤੇ ਕਿ ਕਿਸੇ ਵੀ ਵਿਅਕਤੀ ਨੂੰ ਅਮਨ ਸ਼ਾਂਤੀ ਨਾਲ ਖਿਲਵਾੜ ਦੀ ਇਜਾਜ਼ਤ ਨਾ ਦਿੱਤੀ ਜਾਵੇ ਤੇ ਸੜਕੀ ਤੇ ਰੇਲ ਮਾਰਗਾਂ ‘ਚ ਰੁਕਾਵਟਾਂ ਪੈਦਾ ਕਰਨ ਦੀ ਕਿਸੇ ਵੀ ਕੋਸ਼ਿਸ਼ ਨੂੰ ਕਾਮਯਾਬ ਨਾ ਹੋਣ ਦਿੱਤਾ ਜਾਵੇ |