ਘਰ-ਘਰ ਨੌਕਰੀ ਤਹਿਤ ਸਰਕਾਰ ਦੇ 10 ਰੋਜ਼ਾ ਰੁਜ਼ਗਾਰ ਮੇਲੇ 'ਚ ਉਮੜੇ ਨੌਜਵਾਨ, 50 ਹਜ਼ਾਰ ਨੂੰ ਨੌਕਰੀ ਦੇਣ ਦਾ ਦਾਅਵਾ

Tags

ਲੁਧਿਆਣਾ (ਵਿੱਕੀ)-ਸੱਤਾ 'ਚ ਆਉਣ ਤੋਂ ਪਹਿਲਾਂ ਕਾਂਗਰਸ ਪਾਰਟੀ ਵੱਲੋਂ ਹਰੇਕ ਘਰ 'ਚ ਨੌਕਰੀ ਦੇਣ ਦੇ ਕੀਤੇ ਵਾਅਦੇ ਨੂੰ ਸਰਕਾਰ ਬਣਨ ਤੋਂ ਬਾਅਦ ਅਮਲੀਜਾਮਾ ਪਹਿਨਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਲੜੀ ਤਹਿਤ ਸਰਕਾਰ ਵੱਲੋਂ ਗਿੱਲ ਰੋਡ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਲੜਕੇ 'ਚ ਸੋਮਵਾਰ ਤੋਂ 10 ਦਿਨਾਂ ਰੁਜ਼ਗਾਰ ਮੇਲੇ ਦੀ ਸ਼ੁਰੂਆਤ ਕੀਤੀ ਗਈ। ਇਸ ਮੇਲੇ ਦਾ ਉਦਘਾਟਨ ਵਿਧਾਇਕ ਭਾਰਤ ਭੂਸ਼ਣ ਆਸ਼ੂ ਨੇ ਕਰਦਿਆਂ ਦੱਸਿਆ ਕਿ ਮੇਲੇ ਦੇ ਪਹਿਲੇ ਦਿਨ ਨੌਜਵਾਨਾਂ ਨੇ ਵੱਡੀ ਗਿਣਤੀ 'ਚ ਭਾਗ ਲੈ ਕੇ ਸਰਕਾਰ ਦੇ ਇਸ ਕਦਮ ਦੀ ਪ੍ਰਸ਼ੰਸਾ ਵੀ ਕੀਤੀ।

ਇਸ ਕਾਲਜ 'ਚ 25 ਅਗਸਤ ਨੂੰ ਰਾਜ ਪੱਧਰੀ ਮੈਗਾ ਜਾਬ ਫੇਅਰ ਵੀ ਲਾਇਆ ਜਾਵੇਗਾ। ਉਦਘਾਟਨ ਸਮਾਰੋਹ 'ਚ ਪਿੰ੍ਰ. ਜਸਵੰਤ ਸਿੰਘ ਭੱਠਲ, ਭੁਪਿੰਦਰ ਸਿੰਘ ਹਨੀ, ਅਮਨਦੀਪ ਸਿੰਘ, ਗੁਰਵਿੰਦਰ ਸਿੰਘ, ਐੱਮ. ਪੀ. ਗਿੱਲ ਪਿੰ੍ਰਸੀਪਲ ਰਿਸ਼ੀ ਨਗਰ ਸੰਸਥਾ ਆਦਿ ਸ਼ਾਮਲ ਰਹੇ।

ਆਨਲਾਈਨ ਰਜਿਸਟ੍ਰੇਸ਼ਨ 'ਚ ਨੌਜਵਾਨ ਲੜਕੇ-ਲੜਕੀਆਂ ਦਾ ਦਿਖਿਆ ਉਤਸ਼ਾਹ
ਆਸ਼ੂ ਨੇ ਦੱਸਿਆ ਕਿ ਰਾਜ ਦੇ ਵੱਖ-ਵੱਖ ਜ਼ਿਲਿਆਂ ਤੋਂ 622 ਤੋਂ ਜ਼ਿਆਦਾ ਉਮੀਦਵਾਰ ਅਪੀਅਰ ਹੋਏ ਅਤੇ ਇਨ੍ਹਾਂ ਨੂੰ ਨੌਕਰੀ ਦੇਣ ਲਈ ਦੇਸ਼ ਦੀਆਂ ਪ੍ਰਮੁੱਖ 13 ਕੰਪਨੀਆਂ ਦੇ ਅਹੁਦੇਦਾਰਾਂ ਨੇ ਵੀ ਭਾਗ ਲਿਆ। ਉਨ੍ਹਾਂ ਦੱਸਿਆ ਕਿ ਰੁਜ਼ਗਾਰ ਮੇਲੇ ਦਾ ਫਾਇਦਾ ਹਰ ਬੇਰੁਜ਼ਗਾਰ ਨੂੰ ਦੇਣ ਲਈ ਸਰਕਾਰ ਨੇ ਰਜਿਸਟ੍ਰੇਸ਼ਨ ਲਈ ਪੋਰਟਲ 'ਤੇ ਘਰ-ਘਰ ਨੌਕਰੀ ਦਾ ਲਿੰਕ ਵੀ ਦਿੱਤਾ ਸੀ, ਜਿਸ ਨਾਲ ਆਨਲਾਈਨ ਰਜਿਸਟ੍ਰੇਸ਼ਨ 'ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਇਹੀ ਵਜ੍ਹਾ ਹੈ ਕਿ ਇਕੱਲੇ ਲੁਧਿਆਣਾ ਤੋਂ ਹੀ 1300 ਤੋਂ ਜ਼ਿਆਦਾ ਉਮੀਦਵਾਰਾਂ ਨੂੰ ਨੌਕਰੀ ਦੇ ਲਈ ਸੱਦਾ ਦਿੱਤਾ ਗਿਆ ਹੈ।

25 ਨੂੰ ਲੱਗੇਗਾ ਮਹਾ ਰੁਜ਼ਗਾਰ ਮੇਲਾ
ਇਥੇ ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਪਹਿਲਾਂ ਲੁਧਿਆਣਾ 'ਚ 25 ਅਗਸਤ ਨੂੰ ਇਕ ਦਿਨਾ ਮੈਗਾ ਰੁਜ਼ਗਾਰ ਮੇਲਾ ਲਾਉਣ ਦਾ ਫੈਸਲਾ ਕੀਤਾ ਸੀ ਪਰ ਉਮੀਦਵਾਰਾਂ 'ਚ ਭਾਰੀ ਉਤਸ਼ਾਹ ਦੇਖਦੇ ਹੋਏ ਇਸ ਮੇਲੇ ਨੂੰ ਵਧਾ ਕੇ 11 ਦਿਨਾਂ ਦਾ ਕਰ ਦਿੱਤਾ ਗਿਆ ਹੈ, ਜਿਸ ਨਾਲ ਇਹ ਮੇਲਾ ਹੁਣ 21 ਤੋਂ 31 ਅਗਸਤ ਤੱਕ ਚੱਲੇਗਾ। ਉਥੇ 25 ਅਗਸਤ ਨੂੰ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਲੜਕੇ 'ਚ ਹੀ ਮਹਾ ਰੁਜ਼ਗਾਰ ਮੇਲਾ ਵੀ ਲਾਇਆ ਜਾਵੇਗਾ, ਜਿਸਦਾ ਉਦਘਾਟਨ ਕੈਬਨਿਟ ਮੰਤਰੀ ਚਰਨਜੀਤ ਚੰਨੀ ਕਰਨਗੇ। ਇਸ ਮੇਲੇ 'ਚ ਦੇਸ਼ ਦੀਆਂ ਪ੍ਰਮੁੱਖ ਕੰਪਨੀਆਂ ਤੋਂ ਇਲਾਵਾ 200 ਸਮਾਲ ਇੰਡਸਟਰੀ ਬੇਰੁਜ਼ਗਾਰ ਆਈ. ਟੀ. ਆਈ. ਪਾਸ ਉਮੀਦਵਾਰਾਂ ਦੀ ਇੰਟਰਵਿਊ ਲੈਣ ਪਹੁੰਚ ਰਹੀਆਂ ਹਨ।

ਇਨ੍ਹਾਂ ਟਰੇਡਾਂ ਦੇ ਵਿਦਿਆਰਥੀਆਂ ਦੀ ਹੋਵੇਗੀ ਚੋਣ
ਵਿਧਾਇਕ ਆਸ਼ੂ ਨੇ ਦੱਸਿਆ ਕਿ ਉਮੀਦ ਹੈ ਕਿ ਕੰਪਨੀਆਂ ਵੱਖ-ਵੱਖ ਸਕਿੱਲ ਜਿਵੇਂ ਫਿਟਰ, ਮਸ਼ੀਨਿਸ਼ਟ, ਟਰਨਰ, ਮੋਟਰ ਮਕੈਨਿਕ ਵ੍ਹੀਕਲ, ਵੈਲਡਰ, ਪਲੰਬਰ, ਟਰੈਕਟਰ ਮਕੈਨਿਕ, ਡੀਜ਼ਲ ਮਕੈਨਿਕ, ਡਰਾਫਟਮੈਨ ਸਿਵਲ ਅਤੇ ਮਕੈਨੀਕਲ, ਇਲੈਕਟ੍ਰੀਸ਼ਨ, ਰੈਫੀਜਰੇਸ਼ਨ, ਏਅਰ ਕੰਡੀਸ਼ਨ, ਸਿਲਾਈ ਕਟਾਈ, ਕੰਪਿਊਟਰ ਆਦਿ ਹਰੇਕ ਟਰੇਡ 'ਚੋਂ 3000 ਦੇ ਕਰੀਬ ਉਮੀਦਵਾਰਾਂ ਦੀ ਚੋਣ ਕਰੇਗੀ।