ਤੈਅ ਸਮੇਂ ਉਪਰ ਪੰਜਾਬ ਸਰਕਾਰ ਵਲੋਂ 1500 ਤੋਂ ਵੱਧ ਅਨਾਜ ਮੰਡੀਆਂ ਨੂੰ ਬੰਦ ਕਰ ਦੇਣ ਨੂੰ ਲੈ ਕੇ ਹੁਣ ਸਿਆਸਤ ਸ਼ਰੂ ਹੋ ਗਈ ਹੈ। ਜਿਥੇ ਮੁੱਖ ਵਿਰੋਧੀ ਸਿਆਸੀ ਪਾਰਟੀਆਂ ਨੇ ਸਰਕਾਰ ਦੀ ਇਸ ਮੁੱਦੇ ਨੂੰ ਲੈ ਕੇ ਘੇਰਾਬੰਦੀ ਸ਼ੁਰੂ ਕਰ ਦਿਤੀ ਹੈ,ਉਥੇ ਕਿਸਾਨ ਜਥੇਬੰਦੀਆਂ ਨੇ ਵੀ ਇਸ ਦਾ ਸਖ਼ਤ ਵਿਰੋਧ ਸ਼ੁਰੂ ਕਰ ਦਿਤਾ ਹੈ। ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਵਲੋਂ ਨੈਸ਼ਨਲ ਹਾਈਵੇ ਜਾਮ ਕਰਨ ਦੀ ਚੇਤਾਵਨੀ ਦਿਤੇ ਜਾਣ ਬਾਅਦ ਸਰਕਾਰ ਨੇ ਫ਼ਿਲਹਾਲ 250 ਮੰਡੀਆਂ ਨੂੰ ਮੁਕੰਮਲ ਖ਼ਰੀਦ ਪੂਰੀ ਹੋਣ ਤਕ ਜਾਰੀ ਕਰਨ ਦੇ ਹੁਕਮ ਜਾਰੀ ਕਰ ਦਿਤੇ ਹਨ। ਕਿਸਾਨ ਆਗੂ ਇਸ ਨੂੰ ਅਪਣੇ ਅੰਸ਼ਕ ਜਿੱਤ ਤਾਂ ਦੱਸ ਰਹੇ ਹਨ ਪਰ ਉਨ੍ਹਾਂ ਦੀ ਪੂਰੀ ਸੰਤੁਸ਼ਟੀ ਨਹੀਂ।
ਉਹ ਸਾਰੀਆਂ ਮੰਡੀਆਂ ਜਾਰੀ ਰੱਖਣ ਦੀ ਮੰਗ ਕਰ ਰਹੇ ਹਨ। ਉਧਰ ਮੁੱਖ ਵਿਰੋਧੀ ਪਾਰਟੀ ਕਾਂਗਰਸ ਵਲੋਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਰਕਾਰ ਵਲੋਂ ਮੰਡੀਆਂ ਬੰਦ ਕਰ ਕੇ ਝੋਨੇ ਦੀ ਖ਼ਰੀਦ ਨਾ ਕਰਨ ਦੇ ਫ਼ੈਸਲੇ ਵਿਰੁਧ ਰੋਸ ਪ੍ਰਗਟ ਕਰਦੇ ਹੋਏ ਇਸ ਨੂੰ ਭਗਵੰਤ ਸਰਕਾਰ ਦਾ ਕਿਸਾਨਾਂ ਨਾਲ ਹੋਰ ਧੱਕਾ ਦਸਿਆ ਹੈ। ਉਨ੍ਹਾਂ ਕਿਹਾ ਕਿ ਹਾਲੇ ਦੇਰੀ ਨਾਲ ਹੜ੍ਹਾਂ ਦੀ ਸਥਿਤੀ ਬਾਅਦ ਬੀਜਿਆ ਝੋਨਾ ਖੇਤਾਂ ਵਿਚ ਖੜਾ ਹੈ ਅਤੇ ਇਸ ਹਾਲਤ ਵਿਚ ਮੰਡੀਆਂ ਬੰਦ ਕਰ ਦੇਣਾ ਵਾਜਬ ਨਹੀਂ ਅਤੇ ਇਹ ਪ੍ਰਾਈਵੇਟ ਵਪਾਰੀਆਂ ਨੂੰ ਲਾਭ ਪਹੁੰਚਾਉਣ ਵਾਲਾ ਹੀ ਕਦਮ ਹੈ।