ਕੁਚਲਾ ਵਿਵਾਦ 'ਤੇ ਮੰਤਰੀ ਮੀਤ ਹੇਅਰ ਨੇ ਵੱਡਾ ਬਿਆਨ ਦਿੰਦਿਆਂ ਇਸ ਸਭ ਨੂੰ ਮਨਘੜਤ ਕਹਾਣੀ ਦੱਸਿਆ ਹੈ। ਮੀਤ ਹੇਅਰ ਨੇ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਚੈਲੰਜ ਕਰਦਿਆਂ ਕਿਹਾ ਕਿ ਮਜੀਠੀਆ ਇਹ ਸਾਬਤ ਕਰ ਦੇਣ ਕੇ ਅਸੀਂ ਹੋਟਲ ਦੇ ਕਮਰੇ 'ਚ ਬੈਠ ਕੇ ਕੁਲਚੇ ਖਾਧੇ ਹਨ ਤਾਂ ਮੈਂ ਸਿਆਸਤ ਛੱਡ ਦੇਵਾਂਗਾ, ਨਹੀਂ ਤਾਂ ਉਨ੍ਹਾਂ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕੇ ਪਿਛਲੇ ਦਿਨੀਂ ਬਿਕਰਮ ਸਿੰਘ ਮਜੀਠੀਆ ਨੇ ਮੰਤਰੀ ਮੀਤ ਹੇਅਰ ਸਣੇ ਹਰਪਾਲ ਚੀਮਾ ਤੇ ਅਮਨ ਅਰੋੜਾ 'ਤੇ ਵੱਡਾ ਇਲਜ਼ਾਮ ਲਗਾਉਂਦਿਆਂ ਕਿਹਾ ਸੀ ਕਿ ਪੰਜਾਬ ਸਰਕਾਰ ਦੇ ਇਹ ਤਿੰਨ ਵਜ਼ੀਰ ਅੰਮ੍ਰਿਤਸਰ ਵਿਖੇ ਕੁਲਚੇ ਖਾਣ ਗਏ ਸਨ। ਜਦੋਂ ਉਥੇ ਭੀੜ ਦਿਖੀ ਤਾਂ ਸਾਹਮਣੇ ਇਕ ਨਿੱਜੀ ਹੋਟਲ ਵਿੱਚ ਚਲੇ ਗਏ ਅਤੇ ਮੈਨੇਜਰ ਨੂੰ ਕਮਰਾ ਖੋਲ੍ਹਣ ਦੀ ਗੱਲ ਕਹੀ।
ਮੈਨੇਜਰ ਵੱਲੋਂ ਪੈਸੇ ਮੰਗਣ 'ਤੇ ਮੰਤਰੀ ਸਾਬ੍ਹ ਭੜਕ ਗਏ। ਮਜੀਠੀਆ ਨੇ ਕਿਹਾ ਕੇ ਬੇਸ਼ੱਕ ਉਸ ਵੇਲੇ 5500 ਰੁਪਏ ਕਮਰੇ ਦਾ ਕਿਰਾਇਆ ਤਾਂ ਦੇ ਦਿੱਤਾ ਪਰ ਨਾਲ ਹੀ ਪ੍ਰਦੂਸ਼ਣ ਕੰਟਰੋਲ ਵਿਭਾਗ ਵੱਲੋਂ ਹੋਟਲ 'ਤੇ ਰੇਡ ਕਰਵਾ ਦਿੱਤੀ ਗਈ। ਫਿਰ ਐਕਸਾਇਜ ਮਹਿਕਮੇ ਵੱਲੋਂ ਹੋਟਲ ਨੂੰ ਨੋਟਿਸ ਕੱਢਿਆ ਗਿਆ। ਇਹ ਦੋਵੇਂ ਵਿਭਾਗ ਮੀਤ ਹੇਅਰ ਤੇ ਹਰਪਾਲ ਚੀਮਾ ਕੋਲ ਹਨ। ਮਜੀਠੀਆ ਦੇ ਇਸ ਇਲਜ਼ਾਮ 'ਤੇ ਚੁੱਪੀ ਤੋੜਦਿਆਂ ਮੀਤ ਹੇਅਰ ਨੇ ਕਿਹਾ ਕਿ ਹੋਟਲ ਵਿੱਚ ਕੁਲਚੇ ਖਾਣ ਦੀ ਸਾਰੀ ਕਹਾਣੀ ਮਨਘੜਤ ਹੈ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕੇ ਕੁਲਚੇ ਵਾਲੀ ਦੁਕਾਨ ਜਾਂ ਹੋਟਲ ਜਾ ਕੇ ਇਸ ਸਬੰਧੀ ਪੁੱਛਿਆ ਜਾ ਸਕਦਾ ਹੈ।