ਅਧਿਆਪਕ ਦਿਵਸ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ’ਚ 1,000 ਨਵੇਂ ਕਲਾਸ ਰੂਮ ਬਣਾਏ ਜਾਣਗੇ ਜਦਕਿ 10,000 ਦੀ ਮੁਰੰਮਤ ਕੀਤੀ ਜਾਵੇਗੀ। ਅਧਿਆਪਕ ਦਿਵਸ ਮੌਕੇ ਮੋਗਾ ’ਚ ਸੂਬਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਤੁਹਾਨੂੰ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਤੱਪੜ ਨਹੀਂ ਮਿਲਣਗੇ। ਸਾਰੇ ਸਕੂਲਾਂ ਵਿਚ ਨਵਾਂ ਫਰਨੀਚਰ ਉਪਲੱਬਧ ਕੀਤਾ ਜਾਵੇਗਾ। ਜਦਕਿ ਕਈ ਸਕੂਲਾਂ ਦੀ ਪੰਜਾਬ ਸਰਕਾਰ ਨੁਹਾਰ ਬਦਲ ਵੀ ਚੁੱਕੀ ਹੈ। ਮੋਗਾ ’ਚ ਆਯੋਜਿਤ ਸੂਬਾ ਪੱਧਰੀ ਪ੍ਰੋਗਰਾਮ ’ਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਨਾਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਹੋਰ ਕੈਬਨਿਟ ਮੰਤਰੀ ਵੀ ਮੌਜੂਦ ਸਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਦੀਪ ਜਗਾ ਕੇ ਭਾਰਤ ਰਤਨ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਸਰਕਾਰੀ ਕੰਨਿਆ ਸਕੂਲ ਦੀਆਂ ਵਿਦਿਆਰਥਣਾਂ ਨੇ ਸ਼ਬਦ ਸਰਵਣ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਜਾਪਾਨ ਵਿਚ ਹੋਣ ਵਾਲੇ ਸਾਇੰਸ ਮੇਲੇ ਵਿਚ ਪੂਰੇ ਦੇਸ਼ ਵਿਚੋਂ 60 ਬੱਚੇ ਜਾਣਗੇ ਜਿਸ ਵਿਚੋਂ ਛੇ ਬੱਚੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਹਨ। ਅਸੀਂ ਅਧਿਆਪਕਾਂ ਨੂੰ ਪੜ੍ਹਾਈ ਦੇ ਵੱਖੋ-ਵੱਖ ਤਰੀਕੇ ਸਿੱਖਣ ਲਈ ਵਿਦੇਸ਼ਾਂ ਵਿਚ ਭੇਜ ਰਹੇ ਹਾਂ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਇਹ ਤਰੀਕਾ ਦਿੱਲੀ ’ਚ ਅਪਣਾਇਆ ਗਿਆ ਸੀ ਜੋ ਬਹੁਤ ਕਾਮਯਾਬ ਰਿਹਾ ਹੈ। ਮੁੱਖ ਮੰਤਰੀ ਨੇ ਆਖਿਆ ਕਿ ਅਸੀ ਕਿਹਾ ਸੀ ਕਿ ਅਧਿਆਪਕਾਂ ਨੂੰ ਪੱਕੇ ਕਰਾਂਗੇ, ਉਨ੍ਹਾਂ ਦੀਆਂ ਤਨਖਾਹਾਂ ਵਧਾਵਾਂਗੇ, ਅਧਿਆਪਕਾਂ ਦੇ ਨਾਂ ਨਾਲੋਂ ਕੱਚਾ ਸ਼ਬਦ ਹਟਾਵਾਂਗੇ, ਅਸੀਂ ਆਪਣਾ ਸਾਰੇ ਵਾਅਦਾ ਪੂਰਾ ਕੀਤਾ ਹੈ।