ਕੀ ਲਗਦੀ ਮੈਂ ਫੁਫੜਾ ਤੇਰੀ, ਮੈਂ ਭੂਆ ਦੀ ਭਤੀਜੀ ਲੱਗਦੀ ! ਦੱਸੋ ਇਹ ਕਿਹੜਾ ਰਿਸ਼ਤਾ ਹੋਇਆ ?

ਲੋਕ ਤਾਂ ਬਥੇਰੇ ਰੁੱਸਦੇ ਵੇਖੇ ਸਨ ਪਰ ਵੱਡੇ ਫੁੱਫੜ ਦੇ ਰੁੱਸਣ ਦਾ ਢੰਗ ਬੜਾ ਨਿਵੇਕਲਾ ਹੋਇਆ ਕਰਦਾ ਸੀ..!
ਭਰੀ ਸਭਾ ਵਿਚੋਂ ਕਿਸੇ ਗੱਲੋਂ ਗੁੱਸੇ ਹੋ ਕੇ ਉੱਠ ਪੈਣਾ ਤੇ ਮੁੜ ਕਿਸੇ ਘਰ ਜਾ ਕੰਬਲ ਮੰਗ ਸੋਂ ਜਾਣਾ ਤੇ ਨਾਲ ਹੀ ਰੋਹਬ ਜਿਹੇ ਨਾਲ ਆਖਣਾ ਬੀ ਕੋਈ ਆਵੇ ਤਾਂ ਦੱਸਣਾ ਨਹੀਂ ਕੇ ਮੈਂ ਇਥੇ ਹਾਂ..ਅਗਲਿਆਂ ਵੀ ਪਿੰਡ ਦਾ ਜਵਾਈ ਸਮਝ ਬੁੱਲ ਮੀਟ ਛੱਡਣੇ..!
ਘੜੀ ਕੂ ਮਗਰੋਂ ਜਦੋਂ ਰੌਲਾ ਪੈ ਜਾਣਾ ਤਾਂ ਓਹਨਾ ਨੂੰ ਫਿਕਰ ਪੈ ਜਾਣਾ..ਸਾਰੀ ਗੱਲ ਸਾਡੇ ਤੇ ਹੀ ਨਾ ਆਣ ਪਵੇ..ਨਿਆਣਾ ਘੱਲ ਹੌਲੀ ਜਿਹੀ ਭੂਆ ਦੇ ਕੰਨ ਵਿਚ ਫੂਕ ਮਾਰ ਦੇਣੀ..!

ਫੇਰ ਮਨਾ ਕੇ ਘਰੇ ਲਿਆਉਣਾ ਤਾਂ ਭੂਆ ਨੇ ਪਹਿਲੋਂ ਹੀ ਆਖ ਰੱਖਿਆ ਹੁੰਦਾ ਹੁਣ ਆਏ ਨੂੰ ਗੁਬਾਰ ਕੱਢ ਲੈਣ ਦਿਓ..ਕੋਈ ਅਗਿਓਂ ਬੋਲਿਓ ਨਾ..! ਫੁੱਫੜ ਨੇ ਆਉਂਦਿਆਂ ਹੀ ਪਹਿਲੋਂ ਭਰੀ ਸਭਾ ਵਿਚ ਬੈਠੇ ਕੱਲੇ ਕੱਲੇ ਨੂੰ ਸੰਬੋਧਨ ਹੋਣਾ ਤੇ ਫੇਰ ਆਖਣਾ..ਅਸੀਂ ਕਿਸੇ ਤੋਂ ਘੱਟ ਹਾਂ..ਸਾਡੇ ਵੀ ਟਰੈਕਟਰ ਬੰਬੀਆਂ ਚੱਲਦੇ..ਮੁਰੱਬਿਆਂ ਵਾਲੇ ਵੱਡੇ ਸਰਦਾਰ..ਡੇਅਰੀ ਆੜ੍ਹਤ ਸ਼ੈਲਰਾਂ ਦੇ ਮਾਲਕ..ਨਾਲ ਹੀ ਪੱਟਾਂ ਤੇ ਥਾਪੀ ਮਾਰ ਬੜਕ ਮਾਰ ਦੇਣੀ..! ਮੁਠੀਆਂ ਮੀਚ ਬੈਠੇ ਅਗਲਿਆਂ ਵੀ ਜਵਾਈ ਦੀ ਸ਼ਰਮ ਕਰਦਿਆਂ ਸਭ ਕੁਝ ਸਹਿ ਲੈਣਾ..! ਮੁੜ ਪਿੰਡਾਂ ਵਿਚ ਹੁੰਦੇ ਵਿਆਹ ਸ਼ਹਿਰਾਂ ਵੱਲ ਰਵਾਨਗੀ ਪਾ ਗਏ..ਛੇ ਛੇ ਦਿਨ ਵਾਲੇ ਛੇ ਘੰਟਿਆਂ ਵਿਚ ਨਿੱਬੜ ਜਾਇਆ ਕਰਦੇ..ਪਰ ਵੱਡੇ ਫੁੱਫੜ ਦੀ ਰੁੱਸਣ ਦੀ ਆਦਤ ਉਂਝ ਦੀ ਉਂਝ ਹੀ ਬਰਕਰਾਰ ਰਹੀ..!