ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਜਲੰਧਰ ਦੌਰੇ 'ਤੇ ਪਹੁੰਚੇ, ਜਿੱਥੇ ਉਨ੍ਹਾਂ ਪੀ. ਏ. ਪੀ. ਗਰਾਊਂਡ ਵਿਚ 560 ਸਬ ਇੰਸਪੈਕਟਰਾਂ ਨੂੰ ਨਿਯੁਕਤੀ ਪੱਤਰ ਦਿੱਤੇ। ਭਗੰਵਤ ਮਾਨ ਨੇ ਪਿਛਲੀਆਂ ਸਰਕਾਰਾਂ 'ਤੇ ਤੰਜ ਕੱਸਦੇ ਹੋਏ ਕਿਹਾ ਕਿ ਪਹਿਲਾਂ ਮੈਰਿਟ ਵਿਚ ਆਉਣ ਤੋਂ ਬਾਅਦ ਵੀ ਕਿਸੇ ਨੂੰ ਕੋਈ ਨੌਕਰੀ ਨਹੀਂ ਮਿਲਦੀ ਸੀ ਅਤੇ ਪਹਿਲਾਂ ਸਿਫ਼ਾਰਿਸ਼ ਦੇ ਆਧਾਰ 'ਤੇ ਹੀ ਨੌਕਰੀ ਦਿੱਤੀ ਜਾਂਦੀ ਸੀ। ਭਗਵੰਤ ਮਾਨ ਨੇ ਕਿਹਾ ਕਿ ਹੁਣ ਪਿਛਲੇ ਡੇਢ ਸਾਲ ਤੋਂ ਅਸੀਂ ਬਿਨਾਂ ਸਿਫ਼ਾਰਿਸ਼ ਦੇ ਨੌਜਵਾਨਾਂ ਨੂੰ ਨੌਕਰੀਆਂ ਦੇ ਰਹੇ ਹਾਂ। CM ਭਗਵੰਤ ਮਾਨ ਨੇ ਸਟੇਜ ਤੋਂ ਕਿਹਾ ਕਿ ਕੱਲ੍ਹ ਮੈਨੂੰ ਇਕ ਸੁਨੇਹਾ ਮਿਲਿਆ ਕਿ ਭਗਵੰਤ ਮਾਨ ਗੱਦਾਰੀ ਕਰ ਰਹੇ ਹਨ। ਹਰਿਆਣਾ ਦੇ ਲੋਕਾਂ ਨੂੰ ਨੌਕਰੀਆਂ ਦੇ ਰਹੇ ਹਨ।
ਅੱਜ ਦੀ ਭਰਤੀ ਵਿੱਚ 95 ਫ਼ੀਸਦੀ ਲੋਕ ਪੰਜਾਬ ਦੇ ਹਨ। 31 ਹਰਿਆਣਾ ਦੇ ਅਤੇ 4 ਰਾਜਸਥਾਨ ਦੇ ਹਨ ਪਰ ਉਹ ਵੀ ਪੰਜਾਬ ਦੇ ਹਨ ਅਤੇ ਪਤੇ ਹਰਿਆਣਾ ਦੇ ਹਨ। ਉਨ੍ਹਾਂ ਨੇ ਪੰਜਾਬੀ ਵਿੱਚ 10ਵੀਂ ਕੀਤੀ ਹੈ। ਇਹ ਦੂਜੇ ਰਾਜਾਂ ਵਿੱਚ ਰਹਿਣ ਵਾਲੇ ਪੰਜਾਬੀ ਪਰਿਵਾਰ ਹਨ। ਵਿਰੋਧੀਆਂ 'ਤੇ ਤਿੱਖਾ ਨਿਸ਼ਾਨਾ ਵਿੰਨ੍ਹਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਮੈਂ ਪੰਜਾਬ ਨੂੰ ਕਿੰਨਾ ਪਿਆਰ ਕਰਦਾ ਹਾਂ, ਪੰਜਾਬੀਅਤ ਨੂੰ ਕਿੰਨਾ ਪਿਆਰ ਕਰਦਾ ਹਾਂ, ਮੈਨੂੰ ਇਹ ਵਿਖਾਉਣ ਲਈ ਐੱਨ. ਓ. ਸੀ. ਦੀ ਲੋੜ ਨਹੀਂ ਹੈ। ਮੇਰੇ ਸੁਫ਼ਨਿਆਂ ਵਿੱਚ ਵੀ ਪੰਜਾਬ ਹੈ। ਉਨ੍ਹਾਂ ਕਿਹਾ ਕਿ ਮੇਰੇ ਸੁਫ਼ਨਿਆਂ 'ਚ ਅਤੇ ਜਾਗਦੇ ਹੋਏ ਵੀ ਪੰਜਾਬ ਹੀ ਆਉਂਦਾ ਹੈ।