ਪਟਿਆਲਾ ਜ਼ਿਲ੍ਹੇ ਵਿਚ ਪ੍ਰਸ਼ਾਸਨ ਨੇ ਮਦਦ ਵਾਸਤੇ ਫੌਜ ਸੱਦ ਲਈ ਹੈ। ਜਿਥੇ ਅੱਧੀ ਰਾਤ ਨੂੰ ਫੌਜ ਨੇ ਰਾਜਪੁਰਾ ਦੇ ਚਿਤਕਾਰਾ ਯੂਨੀਵਰਸਿਟੀ ਵਿਚ ਫਸੇ 2 ਹਜ਼ਾਰ ਵਿਦਿਆਰਥੀਆਂ ਨੂੰ ਕੱਢਿਆ, ਉਥੇ ਹੀ ਫੌਜ ਪ੍ਰਸ਼ਾਸਨ ਦੇ ਨਾਲ ਡੱਟ ਕੇ ਚਲ ਰਹੀ ਹੈ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਏ. ਡੀ. ਸੀ. ਗੁਰਪ੍ਰੀਤ ਸਿੰਘ ਥਿੰਦ, ਐੱਸ. ਡੀ. ਐੱਮ. ਚਰਨਜੀਤ ਸਿੰਘ ਸਮੇਤ ਹੋਰ ਅਫਸਰ ਅੱਧੀ ਰਾਤ ਤੱਕ ਫੀਲਡ ਵਿਚ ਡਟੇ ਰਹੇ। ਰਾਤ ਡੇਢ ਵਜੇ ਦੇ ਕਰੀਬ ਐੱਸ. ਡੀ. ਐੱਮ. ਨੇ ਅਰਾਈਂ ਮਾਜਰਾ ਵਿਚ ਵੱਡੀ ਨਦੀ ਦੇ ਪਾਣੀ ਦੀ ਮਾਰ ਹੇਠ ਆਏ ਇਲਾਕੇ ਦੇ ਲੋਕਾਂ ਨੂੰ ਘਰ ਛੱਡ ਕੇ ਪ੍ਰਸ਼ਾਸਨ ਵੱਲੋਂ ਪ੍ਰੇਮ ਬਾਗ ਪੈਲੇਸ ਵਿਚ ਬਣਾਏ ਸ਼ੈਲਟਰ ਹੋਮ ਵਿਚ ਠਹਿਰਣ ਲਈ ਪ੍ਰੇਰਿਤ ਕੀਤਾ।
ਲੋਕਾਂ ਦੇ ਪਸ਼ੂਆਂ ਦੀ ਸੰਭਾਲ ਮੰਡੀ ਵਿਚ ਕੀਤੀ ਜਾ ਰਹੀ ਹੈ। ਜ਼ਿਲ੍ਹੇ ਵਿਚ ਦੇਰ ਰਾਤ ਤੋਂ ਲਗਾਤਾਰ ਮੀਂਹ ਜਾਰੀ ਹੈ ਤੇ ਪਿਛੋਂ ਪਹਾੜੀ ਇਲਾਕਿਆਂ ਤੋਂ ਆਏ ਪਾਣੀ ਕਾਰਨ ਜ਼ਿਲ੍ਹੇ ਵਿਚ ਪੈਂਦੀਆਂ ਨਦੀਆਂ ਖ਼ਤਰੇ ਦੇ ਨਿਸ਼ਾਨ ’ਤੇ ਵਹਿ ਰਹੀਆਂ ਹਨ। ਡਰੇਨੇਜ ਵਿਭਾਗ ਦੀ ਸਵੇਰੇ 8.00 ਵਜੇ ਤੱਕ ਦੀ ਰਿਪੋਰਟ ਮੁਤਾਬਕ ਜ਼ਿਲ੍ਹੇ ਦੇ ਸਰਾਲਾਂ ਕਲਾਂ ਵਿਚ ਘੱਗਰ ਵਿਚ ਖ਼ਤਰੇ ਦਾ ਨਿਸ਼ਾਨ 16 ਫੁੱਟ ’ਤੇ ਹੈ, ਜਦੋਂ ਕਿ ਪਾਣੀ 18.20 ਫੁੱਟ ’ਤੇ ਵਹਿ ਰਿਹਾ ਹੈ। ਸਨੋਲੀਆਂ ਵਿਚ ਪੱਚੀਸ ਦਰਾਂ ਵਿਚ ਖ਼ਤਰੇ ਦਾ ਪੱਧਰ 12 ਫੁੱਟ ਹੈ, ਜਦੋਂ ਕਿ ਪਾਣੀ 14 ਫੁੱਟ ’ਤੇ ਵਹਿ ਰਿਹਾ ਹੈ।