ਅੱਜ ਸੁਖਬੀਰ ਬਾਦਲ ਦੀ ਸਪੀਚ 'ਚ ਝਲਕ ਪਈ ਵੱਡੇ ਬਾਦਲ ਸਾਬ੍ਹ ਦੀ।

Tags

ਜਲੰਧਰ ਵਿਚ ਚੋਣ ਪ੍ਰਚਾਰ ਕਰਨ ਪਹੁੰਚੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਇਕੱਠੇ ਹੋ ਕੇ ਸਿਆਸਤ ਦੇ ਮੈਦਾਨ ਵਿਚ ਨਿੱਤਰਣਾ ਚਾਹੀਦਾ ਹੈ, ਇਹੋ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਪਿਤਾ ਦੇ ਦਿਹਾਂਤ ਤੋਂ ਬਾਅਦ ਪਹਿਲੀ ਵਾਰ ਸਿਆਸੀ ਮੰਚ ’ਤੇ ਸੰਬੋਧਨ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਅਸੂਲਾਂ ਦੀ ਪਾਰਟੀ ਹੈ ਅਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹਮੇਸ਼ਾ ਆਪਣੇ ਅਸੂਲਾਂ ’ਤੇ ਖੜ੍ਹੇ ਰਹੇ ਸਨ। ਉਨ੍ਹਾਂ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਅਸਲੀ ਪਰਿਵਾਰ ਅਕਾਲੀ ਦਲ ਸੀ, ਸੁਖਬੀਰ ਨੇ ਕਿਹਾ ਕਿ ਮੇਰੀ ਭੈਣ ਦਾ ਵਿਆਹ ਸੀ ਤਾਂ ਉਸ ਸਮੇਂ ਬਾਦਲ ਸਾਬ੍ਹ ਜੇਲ੍ਹ ਵਿਚ ਬੰਦ ਸਨ ਅਤੇ ਉਨ੍ਹਾਂ ਸਾਹਮਣੇ ਸ਼ਰਤ ਰੱਖੀ ਗਈ ਕਿ ਜੇਕਰ

ਤੁਸੀਂ ਧੀ ਦੇ ਵਿਆਹ ਵਿਚ ਸ਼ਾਮਲ ਹੋਣਾ ਹੈ ਤਾਂ ਮੁਆਫ਼ੀ ਮੰਗ ਲਵੋ ਪਰ ਉਨ੍ਹਾਂ ਨੇ ਆਪਣੇ ਅਸੂਲ ਨਹੀਂ ਛੱਡੇ ਅਤੇ ਵਿਆਹ ਵਿਚ ਸ਼ਾਮਲ ਨਹੀਂ ਹੋਏ। ਸੁਖਬੀਰ ਨੇ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਰਗਾ ਬਣਨਾ ਤਾਂ ਬਹੁਤ ਔਖਾ ਹੈ ਪਰ ਉਹ ਫਿਰ ਵੀ ਕੋਸ਼ਿਸ਼ ਕਰਨਗੇ ਕਿ ਉਨ੍ਹਾਂ ਦੇ ਨਕਸ਼ੇ ਕਦਮਾਂ ’ਤੇ ਚੱਲ ਕੇ ਲੋਕਾਂ ਦੀ ਸੇਵਾ ਕਰ ਸਕਣ। ਉਨ੍ਹਾਂ ਕਿਹਾ ਕਿ ਬਾਦਲ ਸਾਬ੍ਹ ਨੇ ਸਾਰਿਆਂ ਨੂੰ ਇਕੱਠਿਆਂ ਰੱਖਣ ਦੀ ਕੋਸ਼ਿਸ਼ ਕੀਤੀ ਪਰ ਅੱਜ ਸਿਆਸੀ ਪਰਾਟੀਆਂ ਵੋਟਾਂ ਦੀ ਰਾਜਨੀਤੀ ਕਰ ਰਹੀਆਂ ਹਨ, ਜੋ ਦੇਸ਼ ਅਤੇ ਸੂਬੇ ਦੇ ਹਿੱਤ ਵਿਚ ਨਹੀਂ ਹੈ। ਬਾਦਲ ਜੋ ਕਹਿੰਦੇ ਸਨ ਉਹ ਕਰਦੇ ਸਨ।