ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਮੁੱਖ ਮੰਤਰੀ ਭਗਵੰਤ ਮਾਨ ਉੱਪਰ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਹੈ ਕਿ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਜਾਂਚ ਮੁਕੰਮਲ ਹੋਣ ਉਪਰੰਤ ਵੀ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਮੰਤਰੀ ਕਟਾਰੂ ਚੱਕ ਨੂੰ ਬਰਖ਼ਾਸਤ ਨਹੀਂ ਕਰ ਰਿਹਾ। ਮਜੀਠੀਆ ਨੇ ਫੇਸਬੁੱਕ ਪੇਜ਼ ਉੱਪਰ ਸ਼ੇਅਰ ਕੀਤਾ ਹੈ ਕਿ ਨੌਕਰੀ ਲਵਾਉਣ ਦੇ ਨਾਮ 'ਤੇ ਦਲਿਤ ਲੜਕੇ ਦਾ ਜਿਨਸੀ ਸੋਸ਼ਣ ਕਰਨ ਵਾਲੇ ਮੰਤਰੀ ਕਟਾਰੂ ਚੱਕ ਦੇ ਕੇਸ ਸੰਬੰਧੀ ਮਾਣਯੋਗ ਰਾਜਪਾਲ ਵੱਲੋਂ ਜਾਂਚ ਮੁਕੰਮਲ ਹੋਣ ਉਪਰੰਤ ਵੀ ਦੋਸ਼ੀ ਮੰਤਰੀ ਨੂੰ ਭਗਵੰਤ ਮਾਨ ਨਹੀਂ ਕਰ ਰਿਹਾ ਬਰਖ਼ਾਸਤ। ਦੱਸ ਦਈਏ ਕਿ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਕਥਿਤ ਜਿਨਸੀ ਸ਼ੋਸ਼ਣ ਦੀ ਵਿਵਾਦਤ ਵੀਡੀਓ
ਦੀ ਫੋਰੈਂਸਿਕ ਰਿਪੋਰਟ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਫੋਰੈਂਸਿਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਵੀਡੀਓ ਨਾਲ ਛੇੜਛਾੜ ਨਹੀਂ ਹੋਈ ਹੈ। ਇਸ ਵਿੱਚ ਦਿਖਾਈ ਦੇਣ ਵਾਲੇ ਸਾਰੇ ਪਾਤਰ ਸਹੀ ਹਨ। ਪੰਜਾਬ ਦੇ ਰਾਜਪਾਲ ਨੇ ਜਾਂਚ ਦੀ ਰਿਪੋਰਟ ਤੇ ਸ਼ਿਕਾਇਤ ਮੁੱਖ ਮੰਤਰੀ ਨੂੰ ਭੇਜ ਦਿੱਤੀ ਹੈ, ਤਾਂ ਜੋ ਉਹ ਕਾਰਵਾਈ ਕਰ ਸਕਣ ਪਰ ਸੀਐਮ ਮਾਨ ਆਪਣੇ ਮੰਤਰੀ 'ਤੇ ਕਾਰਵਾਈ ਕਰਨ ਦੇ ਮੂਡ ਵਿੱਚ ਨਹੀਂ ਹਨ ਤੇ ਕਟਾਰੂਚੱਕ ਨੂੰ ਬਚਾਉਣ ਲਈ ਵਾਰ-ਵਾਰ ਬਿਆਨ ਦੇ ਰਹੇ ਹਨ। ਹੁਣ ਰਿਪੋਰਟ ਵਿੱਚ ਤੱਥ ਸਹੀ ਪਾਏ ਜਾਣ ਤੋਂ ਬਾਅਦ ਮੰਤਰੀ ਉੱਤੇ ਮੁੱਖ ਮੰਤਰੀ ਵੱਲੋਂ ਕਾਰਵਾਈ ਕੀਤੀ ਜਾ ਸਕਦੀ ਹੈ।