ਜਦੋਂ CM ਮਾਨ ਨੇ ਦੱਸਿਆ ਆਪਣੇ ਦਾਦਾ ਜੀ ਦਾ ਦਿਲਚਸਪ ਕਿੱਸਾ

Tags

ਪੰਜਾਬ ਸਰਕਾਰ ਵਲੋਂ ਸੂਬੇ ਦੀ ਜਨਤਾ ਦੀ ਤੰਦਰੁਸਤ ਸਿਹਤ ਲਈ ਉਲੀਕੇ ਗਏ ਪ੍ਰੋਗਰਾਮ ‘ਸੀ. ਐੱਮ. ਦੀ ਯੋਗਸ਼ਾਲਾ’ ਦੀ ਸ਼ੁਰੂਆਤ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਪਟਿਆਲਾ ਵਿਚ ਕਰ ਦਿੱਤੀ ਗਈ ਹੈ। ‘ਸੀ. ਐੱਮ. ਦੀ ਯੋਗਸ਼ਾਲਾ’ ਦੇ ਉਦਘਾਟਨੀ ਪ੍ਰੋਗਰਾਮ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ‘ਸੀ. ਐੱਮ. ਦੀ ਯੋਗਸ਼ਾਲਾ’ ਦੀ ਸ਼ੁਰੂਆਤ ਦਿੱਲੀ ਵਿਚ ਕੀਤੀ ਗਈ ਸੀ। ਦਿੱਲੀ ਵਿਚ ਜਦੋਂ ਇਸ ਦੀ ਸ਼ੁਰੂਆਤ ਕੀਤੀ ਗਈ ਤਾਂ ਵੱਡੇ ਪੱਧਰ ’ਤੇ ਇਸ ਦੀ ਮੰਗ ਹੋਈ। ਇਸ ਕਾਰਣ ਐੱਲ. ਜੀ. ਬਕਾਇਦਾ ਇਸ ’ਤੇ ਰੋਕ ਲਗਾਉਣੀ ਪਈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਇਕ ਵਧੀਆ ਉਪਰਾਲਾ ਸੀ।

ਦਿੱਲੀ ਵਿਚ ਤਾਂ ਐੱਲ. ਜੀ. ਨੇ ਰੋਕ ਲਗਾ ਦਿੱਤੀ ਪਰ ਪੰਜਾਬ ਵਿਚ ਕੌਣ ਰੋਕ ਸਕਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਬਕਾਇਦਾ ਨੰਬਰ ਵੀ ਜਾਰੀ ਕੀਤਾ ਜਾਵੇਗਾ, ਸਿਰਫ ਇਕ ਮਿਸ ਕਾਲ ’ਤੇ ਤੁਹਾਡੇ ਕੋਲ ਯੋਗਾ ਦਾ ਟ੍ਰੇਨਰ ਪਹੁੰਚ ਜਾਵੇਗਾ। ਜਿੱਥੇ ਵੀ 20 ਤੋਂ 25 ਬੰਦੇ ਕਹਿਣਗੇ, ਉਥੇ ਇਹ ਯੋਗਸ਼ਾਲਾ ਸ਼ੁਰੂ ਕਰ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਪੁਰਾਣੇ ਬਜ਼ੁਰਗ ਕੁਦਰਤ ਨਾਲ ਜਿਊਂਦੇ ਸਨ, ਇਸੇ ਲਈ ਉਹ ਤੰਦਰੁਸਤ ਸਨ। ਜੇ ਅਸੀਂ ਵੀ ਰੋਜ਼ਾਨਾ ਯੋਗਾ ਕਰਾਂਗੇ ਤਾਂ ਕਈ ਬਿਮਾਰੀਆਂ ਤੋਂ ਬਚੇ ਰਹਾਂਗੇ। ਕੋਰੋਨਾ ਸਮੇਂ ਪਰਿਵਾਰ ਇਕੱਠੇ ਹੋਏ, ਵਾਤਾਵਰਣ ਇੰਨਾ ਸਾਫ ਹੋਇਆ ਕਿ ਜਲੰਧਰ ਤੋਂ ਹਿਮਾਚਲ ਦੀਆਂ ਪਹਾੜੀਆਂ ਨਜ਼ਰ ਆਉਣ ਲੱਗੀਆਂ।