ਇਸ ਘਰ ਤੋਂ ਪ੍ਰਕਾਸ਼ ਸਿੰਘ ਬਾਦਲ ਨੇ ਸ਼ੁਰੂ ਕੀਤਾ ਸਿਆਸੀ ਸਫਰ

Tags

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (Parkash Singh Badal) ਨੇ ਆਪਣੇ ਰਾਜਨੀਤੀ ਸਫਰ ਦੀ ਸ਼ੁਰੂਆਤ ਪਿੰਡ ਬਾਦਲ ਦੇ ਵਿਚਕਾਰ ਹੀ ਸਥਿਤ ਆਪਣੇ ਜੱਦੀ ਘਰ ਤੋਂ ਕੀਤੀ। 1947 'ਚ ਪ੍ਰਕਾਸ਼ ਸਿੰਘ ਬਾਦਲ ਪਿੰਡ ਬਾਦਲ ਦੇ ਸਰਪੰਚ ਬਣੇ ਤਾਂ ਇਸ ਘਰ ਤੋਂ ਹੀ ਰਾਜਨੀਤਕ ਸਫਰ ਸ਼ੁਰੂ ਕੀਤਾ। ਇਸ ਉਪਰੰਤ ਉਹ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ। 2008 ਤੱਕ ਇਹ ਘਰ ਪੰਜਾਬ ਦੀ ਰਾਜਨੀਤੀ ਦਾ ਧੁਰਾ ਰਿਹਾ ਤੇ ਇਸ ਉਪਰੰਤ ਪ੍ਰਕਾਸ਼ ਸਿੰਘ ਬਾਦਲ ਪਰਿਵਾਰ ਨਾਲ ਲੰਬੀ ਰੋਡ ਸਥਿਤ ਰਿਹਾਇਸ਼ 'ਤੇ ਚਲੇ ਗਏ। ਅਨੇਕਾਂ ਯਾਦਾਂ ਅੱਜ ਵੀ ਇਸ ਜੱਦੀ ਘਰ ਨਾਲ ਜੁੜੀਆਂ ਹੋਈਆਂ ਹਨ। 95 ਸਾਲਾਂ ਦੇ ਸ. ਪ੍ਰਕਾਸ਼ ਸਿੰਘ ਬਾਦਲ ਦਾ ਮੰਗਲਵਾਰ ਰਾਤ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਦਿਹਾਂਤ ਹੋ ਗਿਆ ਸੀ।

ਉਨ੍ਹਾਂ ਨੂੰ ਸਾਹ ਦੀ ਤਕਲੀਫ਼ ਕਾਰਨ ਹਸਪਤਾਲ ਦਾਖ਼ਲ ਕਰਾਇਆ ਗਿਆ ਸੀ। ਉਹ ਪੰਜਾਬ ਦੇ 5 ਵਾਰ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਅੰਤਿਮ ਸਸਕਾਰ ਕੀਤਾ ਗਿਆ। ਉਨ੍ਹਾਂ ਨੂੰ ਪੁੱਤਰ ਸੁਖਬੀਰ ਸਿੰਘ ਬਾਦਲ ਨੇ ਅਗਨ ਭੇਂਟ ਕੀਤਾ।ਇਸ ਮੌਕੇ ਸਭ ਦੀਆਂ ਅੱਖਾਂ 'ਚ ਆਪਣੇ ਮਰਹੂਮ ਨੇਤਾ ਲਈ ਹੰਝੂਆਂ ਦਾ ਹੜ੍ਹ ਵਗ ਤੁਰਿਆ ਅਤੇ ਮਾਹੌਲ ਪੂਰੀ ਤਰ੍ਹਾਂ ਗਮਗੀਨ ਹੋ ਗਿਆ। ਉਨ੍ਹਾਂ ਦੇ ਬੇਟੇ ਸੁਖਬੀਰ ਬਾਦਲ, ਨੂੰਹ ਹਰਸਿਮਰਤ ਕੌਰ ਬਾਦਲ ਅਤੇ ਪੋਤੇ-ਪੋਤੀਆਂ ਬੇਹੱਦ ਭਾਵੁਕ ਦਿਖਾਈ ਦਿੱਤੇ।