ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਅੰਤਿਮ ਸਸਕਾਰ ਕੀਤਾ ਗਿਆ। ਉਨ੍ਹਾਂ ਨੂੰ ਪੁੱਤਰ ਸੁਖਬੀਰ ਸਿੰਘ ਬਾਦਲ ਨੇ ਅਗਨ ਭੇਂਟ ਕੀਤਾ।ਇਸ ਮੌਕੇ ਸਭ ਦੀਆਂ ਅੱਖਾਂ 'ਚ ਆਪਣੇ ਮਰਹੂਮ ਨੇਤਾ ਲਈ ਹੰਝੂਆਂ ਦਾ ਹੜ੍ਹ ਵਗ ਤੁਰਿਆ ਅਤੇ ਮਾਹੌਲ ਪੂਰੀ ਤਰ੍ਹਾਂ ਗਮਗੀਨ ਹੋ ਗਿਆ। ਉਨ੍ਹਾਂ ਦੇ ਬੇਟੇ ਸੁਖਬੀਰ ਬਾਦਲ, ਨੂੰਹ ਹਰਸਿਮਰਤ ਕੌਰ ਬਾਦਲ ਅਤੇ ਪੋਤੇ-ਪੋਤੀਆਂ ਬੇਹੱਦ ਭਾਵੁਕ ਦਿਖਾਈ ਦਿੱਤੇ। ਉਥੇ ਹੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸੁਰੱਖਿਆ 'ਚ ਤਾਇਨਾਤ ਸੁਰੱਖਿਆ ਕਰਮਚਾਰੀਆਂ ਅਤੇ ਉਨ੍ਹਾਂ ਦੇ ਡਰਾਈਵਰ ਦੇ ਵੱਲੋਂ ਵੀ ਸ਼ਰਧਾਂਜਲੀ ਦਿੱਤੀ ਗਈ ਹੈ। ਉਨ੍ਹਾਂ ਦੀ ਸੁਰੱਖਿਆ 'ਚ ਤੈਨਾਤ ਕਰਮਚਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਾਡੇ ਸਿਰ ਤੇ ਮਾਂ ਪਿਓ ਦੀ ਤਰ੍ਹਾਂ ਹੱਥ ਰੱਖਿਆ ਸੀ।
ਉਨ੍ਹਾਂ ਦਾ ਕਹਿਣਾ ਹੈ ਕਿ ਉਹ ਬਹੁਤ ਹੀ ਮਿੱਠੇ ਸੁਭਾਅ ਦੇ ਮਾਲਕ ਸਨ ਅਸੀਂ ਉਨ੍ਹਾਂ ਨੂੰ ਕਦੇ ਗੁੱਸੇ ਵਾਲੇ ਸੁਭਾਅ 'ਚ ਨਹੀਂ ਦੇਖਿਆ ਸੀ। ਨਾਲ ਹੀ ਕਿਹਾ ਕਿ ਜੇਕਰ ਸਾਡੇ ਤੋਂ ਕੋਈ ਗਲਤੀ ਹੋ ਜਾਂਦੀ ਤਾਂ ਸਾਨੂੰ ਪਿਆਰ ਨਾਲ ਸਮਝਾ ਦਿੰਦੇ ਸਨ ਕਿ ਪੁੱਤਰ ਅੱਗੇ ਤੋਂ ਅਜਿਹਾ ਨਹੀਂ ਕਰਨਾ। ਉਥੇ ਹੀ ਉੁਨ੍ਹਾਂ ਦੇ ਡਰਾਈਵਰ ਜੋ ਕਿ ਉਨ੍ਹਾਂ ਨਾਲ 20 ਸਾਲ ਤੋਂ ਸੇਵਾ ਨਿਭਾ ਰਹੇ ਸਨ। ਉਨ੍ਹਾਂ ਨੇ ਭਾਵੁਕ ਹੁੰਦਿਆਂ ਕਿਹਾ ਕਿ ਸਾਨੂੰ ਉਨ੍ਹਾਂ ਦਾ ਮਾਂ ਪਿਓ ਜਿੰਨਾ ਸਹਾਰਾ ਸੀ। ਉਨ੍ਹਾਂ ਕਿਹਾ ਕਿ ਮੇਰੀਆਂ ਉਨ੍ਹਾਂ ਨਾਲ ਬਹੁਤ ਯਾਦਾਂ ਜੁੜੀਆਂ ਹੋਈਆਂ ਹਨ ਤੇ ਉਹ ਸਾਨੂੰ ਬਹੁਤ ਪਿਆਰ ਕਰਦੇ ਸਨ। ਸਾਨੂੰ ਉਹ ਕਦੇ ਵੀ ਕਿਸੇ ਚੀਜ ਦੀ ਕਮੀ ਨਹੀਂ ਆਉਣ ਦਿੰਦੇ ਸਨ।