ਪੰਜਾਬ ਵਿਚ ਨੈਸ਼ਨਲ ਹਾਈਵੇਅ ’ਤੇ ਬਣੇ ਟੋਲ ਪਲਾਜ਼ਾ ਦਾ ਟੈਕਸ ਮਹਿੰਗਾ ਹੋ ਗਿਆ ਹੈ। ਹੁਣ ਟੋਲ ਪਲਾਜ਼ਾ ਤੋਂ ਲੰਘਣ ਵਾਲੇ ਛੋਟੇ-ਵੱਡੇ ਸਾਰੇ ਵਾਹਨਾਂ ਨੂੰ 1 ਅਪ੍ਰੈਲ ਤੋ ਵਧੀਆਂ ਦਰਾਂ ਦੇ ਹਿਸਾਬ ਨਾਲ ਹੀ ਟੈਕਸ ਦੇਣਾ ਹੋਵੇਗਾ। ਵਾਹਨਾਂ ਵਿਚ ਟੈਕਸ 5 ਤੋਂ 10 ਰੁਪਏ ਦਾ ਵਾਧਾ ਕੀਤਾ ਗਿਆ ਹੈ। ਵਧੀਆਂ ਹੋਈਆਂ ਦਰਾਂ 31 ਮਾਰਚ ਰਾਤ 12 ਵਜੇ ਤੋਂ ਬਾਅਦ ਲਾਗੂ ਹੋ ਜਾਣਗੀਆਂ। ਜਾਣਕਾਰੀ ਅਨੁਸਾਰ ਪੰਜਾਬ ਵਿਚ ਨੈਸ਼ਨਲ ਹਾਈਵੇ ’ਤੇ ਬਣੇ ਟੋਲ ਬੂਥਾਂ ’ਤੇ ਜਿੱਥੋਂ ਪਹਿਲਾਂ ਛੋਟੇ ਵਾਹਨਾਂ ਦਾ ਟੈਕਸ 100 ਰੁਪਏ ਸੀ, ਉਹ ਹੁਣ 105 ਰੁਪਏ ਹੋ ਜਾਵੇਗਾ।
ਜਦਕਿ ਵੱਡੇ ਵਾਹਨਾਂ ਲਈ 210 ਰੁਪਏ ਦੀ ਜਗ੍ਹਾ 220 ਰੁਪਏ ਦੇਣਗੇ ਪੈਣਗੇ। ਜੇਕਰ ਗੱਲ ਕੀਤੀ ਜਾਵੇ ਲੁਧਿਆਣਾ-ਜਗਰਾਓਂ ਰੋਡ ’ਤੇ ਬਣੇ ਚੌਕੀਮਾਨ ਟੋਲ ਪਲਾਜ਼ਾ, ਲੁਧਿਆਣਾ ਸਾਊਥ ਸਿਟੀ-ਲਾਡੋਵਾਲ ਬਾਈਪਾਸ ਟੋਲ ਪਲਾਜ਼ਾ ਤੋਂ ਇਲਾਵਾ ਬਠਿੰਡਾ-ਚੰਡੀਗੜ੍ਹ ਮਾਰਗ ’ਤੇ 5, ਬਠਿੰਡਾ-ਅੰਮ੍ਰਿਤਸਰ ਮਾਰਗ ’ਤੇ 3, ਬਠਿੰਡਾ-ਮਲੋਟ ਮਾਰਗ ’ਤੇ 1 ਟੋਲ ਪਲਾਜ਼ਾ ਸਣੇ ਪੰਜਾਬ ਦੇ ਹੋਰਨਾਂ ਟੋਲ ਪਲਾਜ਼ਿਆਂ ’ਤੇ ਵਧੀਆਂ ਹੋਈਆਂ ਦਰਾਂ ਨਾਲ ਟੋਲ ਟੈਕਸ ਦਾ ਭੁਗਤਾਨ ਕਰਨਾ ਹੋਵੇਗਾ।
ਮਿਲੀ ਜਾਣਕਾਰੀ ਮੁਤਾਬਕ ਵੱਡੇ ਵਾਹਨਾਂ ਦੇ 210 ਰੁਪਏ ਦੀ ਥਾਂ 220 ਰੁਪਏ ਵਸੂਲ ਕੀਤੇ ਹੋਣਗੇ। ਇਸ ਦੀ ਪੁਸ਼ਟੀ ਬਕਾਇਦਾ ਟੋਲ ਪਲਾਜ਼ਾ ਕਰਮਚਾਰੀਆਂ ਵਲੋਂ ਕੀਤੀ ਗਈ ਹੈ। ਜਿੱਥੇ ਕਾਰ ਤੇ ਜੀਪ ਦੇ ਪਹਿਲਾਂ ਤੁਹਾਨੂੰ 115 ਰੁਪਏ ਅਦਾ ਕਰਨੇ ਪੈਂਦੇ ਸਨ, ਉਥੇ ਹੁਣ ਇਸ ਦੇ 120 ਰੁਪਏ ਦੇਣੇ ਪੈਣਗੇ। ਲਾਈਟ ਕਮਰਸ਼ੀਅਲ ਵਹੀਕਲ ਦੇ ਪਹਿਲਾਂ 185 ਰੁਪਏ ਦੀ ਜਗ੍ਹਾ 195 ਰੁਪਏ ਅਦਾ ਕਰਨੇ ਪੈਣਗੇ। ਇਸ ਤੋਂ ਇਲਾਵਾ ਬੱਸ ਅਤੇ ਟਰੱਕਾਂ ਲਈ ਜਿਹੜੀ ਫੀਸ ਪਹਿਲਾਂ 385 ਰੁਪਏ ਵਸੂਲੀ ਜਾਂਦੀ ਸੀ, ਉਸ ਦੇ ਹੁਣ 405 ਰੁਪਏ ਲਏ ਜਾਣਗੇ। ਕਮਰਸ਼ੀਅਲ ਵਹੀਕਲਾਂ ਲਈ ਹੁਣ 420 ਰੁਪਏ ਦੀ ਜਗ੍ਹਾ 440 ਰੁਪਏ ਦੇਣੇ ਪੈਣਗੇ। ਇਸ ਤੋਂ ਇਲਾਵਾ ਹੈਵੀ ਕੰਸਟਰਕਸ਼ਨ ਮਸ਼ੀਨਰੀ ਦੇ ਹੁਣ 605 ਰੁਪਏ ਦੀ ਜਗ੍ਹਾ 635 ਰੁਪਏ ਦੇਣੇ ਪੈਣਗੇ। ਵੱਡੇ ਵਾਹਨਾਂ ਲਈ ਹੁਣ 735 ਰੁਪਏ ਦੀ ਜਗ੍ਹਾ 770 ਰੁਪਏ ਦੇਣੇ ਪੈਣਗੇ।