ਸਿੱਧੂ ਮੂਸੇਵਾਲਾ ਦੀ ਹਵੇਲੀ ਪਹੁੰਚੇ ਗੁਰਦਾਸ ਮਾਨ, ਤਸਵੀਰ ਮੂਹਰੇ ਜਾ ਕੇ...

Tags

ਮਰਹੂਮ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦਾ ਪਿਛਲੇ ਸਾਲ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਦੇ ਕਤਲ ਤੋਂ ਬਾਅਦ ਸਿਰਫ਼ ਪਰਿਵਾਰ ਹੀ ਨਹੀਂ ਸਗੋਂ ਮਿਊਜ਼ਿਕ ਇੰਡਸਟਰੀ ਦੇ ਨਾਲ-ਨਾਲ ਸਾਰੇ ਪੰਜਾਬ ਵਿਚ ਹੀ ਸੋਗ ਦੀ ਲਹਿਰ ਹੈ। ਅੱਜ ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਪਹੁੰਚੇ। ਸ਼ਨਿੱਚਰਵਾਰ ਨੂੰ ਗੁਰਦਾਸ ਮਾਨ ਮਾਨਸਾ ਸਥਿਤ ਸਿੱਧੂ ਮੂਸੇਵਾਲਾ ਦੀ ਹਵੇਲੀ ਪਹੁੰਚੇ। ਇਸ ਦੌਰਾਨ ਉਹ ਮਰਹੂਮ ਪੰਜਾਬੀ ਗਾਇਕ ਦੀ ਤਸਵੀਰ ਮੂਹਰੇ ਜਾ ਕੇ ਭਾਵੁਕ ਹੋ ਗਏ।

ਇਸ ਦੇ ਨਾਲ-ਨਾਲ ਉਨ੍ਹਾਂ ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਦੇ ਨਾਲ ਵੀ ਦੁੱਖ ਵੰਡਾਇਆ। ਗੁਰਦਾਸ ਮਾਨ ਨੇ ਚੌਂਕੇ 'ਤੇ ਬਹਿ ਕੇ ਪਰਿਵਾਰ ਨਾਲ ਰੋਟੀ ਵੀ ਖਾਧੀ।ਦੱਸ ਦੇਈਏ ਕਿ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਮੰਦਭਾਗੀ ਘਟਨਾ ਨੂੰ ਕੁਝ ਹੀ ਮਹੀਨਿਆਂ 'ਚ ਪੂਰਾ 1 ਸਾਲ ਹੋ ਜਾਵੇਗਾ। ਹਾਲ ਹੀ 'ਚ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਐਲਾਨ ਕੀਤਾ ਹੈ ਕਿ ਪੁੱਤਰ ਦੀ ਪਹਿਲੀ ਬਰਸੀ 19 ਮਾਰਚ ਨੂੰ ਮਾਨਸਾ ਵਿਖੇ ਮਨਾਈ ਜਾਵੇਗੀ।


ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਮੂਸੇਵਾਲਾ ਦੀ ਪਹਿਲੀ ਬਰਸੀ 'ਤੇ ਭਾਰੀ ਇਕੱਠ ਹੋਵੇਗਾ, ਇਸ ਨੂੰ ਦੇਖਦੇ ਹੋਏ ਬਹੁਤੀ ਗਰਮੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਬਰਸੀ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ।