ਮਾਸੂਮ ਉਦੇਵੀਰ ਸਿੰਘ ਦੀ ਮ੍ਰਿਤਕ ਦੇਹ ਪਹੁੰਚੀ ਘਰ, ਪੁੱਤ ਨੂੰ ਦੇਖ ਭੁੱਬਾਂ ਮਾਰ-ਮਾਰ ਰੋਂਦੇ ਪਰਿਵਾਰ ਦਾ ਦੇਖਿਆ ਨਹੀਂ ਜਾਂਦਾ ਦਰਦ

Tags


ਬੀਤੀ ਰਾਤ ਪਿੰਡ ਕੋਟਲੀ ਕਲਾਂ 'ਚ ਗੋਲ਼ੀਆਂ ਮਾਰ ਕੇ 6ਸਾਲਾ ਉਦੇਵੀਰ ਸਿੰਘ ਦਾ ਕਤਲ ਕਰ ਦਿੱਤਾ ਹੈ। ਮਾਸੂਮ ਦੀ ਲਾਸ਼ ਪੋਸਟਮਾਰਟਮ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੌਪ ਦਿੱਤੀ ਸੀ। ਉਦੇਵੀਰ ਦੀ ਲਾਸ਼ ਦੇਖ ਕੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ। ਪਰਿਵਾਰ ਦੇ ਇਸ ਦਰਦ ਨੂੰ ਦੇਖ ਮੌਕੇ 'ਤੇ ਮੌਜੂਦ ਹਰ ਵਿਅਕਤੀ ਦੀਆਂ ਅੱਖਾਂ ਨਮ ਸਨ। ਪਰਿਵਾਰਕ ਮੈਂਬਰਾਂ ਨੇ ਰੋਂਦਿਆਂ ਕੁਰਲਾਉਂਦਿਆਂ ਆਪਣੇ ਮਾਸੂਮ ਨੂੰ ਅੰਤਿਮ ਵਿਦਾਈ ਦੇ ਦਿੱਤੀ ਹੈ।

ਦੱਸਣਯੋਗ ਹੈ ਕਿ ਬੀਤੀ ਰਾਤ ਮਾਨਸਾ ਦੇ ਪਿੰਡ ਕੋਟਲੀ ਕਲਾਂ 'ਚ ਕਰੀਬ 8 ਵਜੇ ਆਪਣੇ ਪਿਤਾ ਤੇ ਭੈਣ ਦੇ ਹੱਥ ਫੜ੍ਹੀ ਘਰ ਜਾ ਰਹੇ 6 ਸਾਲਾ ਮਾਸੂਮ ਉਦੇਵੀਰ 'ਤੇ 2 ਮੋਟਰਸਾਈਕਲ ਸਵਾਰਾਂ ਨੇ ਗੋਲ਼ੀਆਂ ਚਲਾ ਦਿੱਤੀਆਂ, ਜਿਸ ਕਾਰਨ ਉਦੇਵੀਰ ਦੀ ਮੌਤ ਹੋ ਗਈ ਜਦਕਿ ਉਸ ਦੀ ਭੈਣ ਦੀ ਅੱਖ 'ਚ ਗੋਲ਼ੀ ਦਾ ਛੱਰਾ ਵੱਜਣ ਕਾਰਨ ਉਹ ਜ਼ਖ਼ਮੀ ਹੋ ਗਈ, ਜਿਸ ਨੂੰ ਪੀ. ਜੀ. ਆਈ. ਰੈਫਰ ਕੀਤਾ ਗਿਆ ਹੈ।


 


ਦਰਅਸਲ ਹਮਲਾਵਰ ਮਾਸੂਮ ਦੇ ਪਿਤਾ ਨੂੰ ਮਾਰਨਾ ਚਾਹੁੰਦੇ ਸਨ। ਜਦੋਂ ਹਮਲਾਵਰਾਂ ਨੇ ਗੋਲੀਆਂ ਚਲਾਈਆਂ ਤਾਂ ਮਾਸੂਮ ਨੇ ਗੋਲੀਆਂ ਲੱਗਣ ਕਾਰਨ ਮੌਕੇ ’ਤੇ ਹੀ ਦਮ ਤੋੜ ਦਿੱਤਾ ਸੀ।
ਦੱਸ ਦੇਈਏ ਕਿ ਉਦੇਵੀਰ ਦੇ ਕਤਲ ਮੌਕੇ ਦੀ ਸੀ. ਸੀ. ਟੀ. ਵੀ. ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਵੀਡੀਓ ਵਿੱਚ ਉਦੇਵੀਰ ਆਪਣੇ ਪਿਤਾ ਜਸਪ੍ਰੀਤ ਸਿੰਘ ਅਤੇ ਭੈਣ ਨਵਸੀਰਤ ਨਾਲ ਘਰ ਜਾ ਰਿਹਾ ਸੀ।ਇਸ ਦੌਰਾਨ 2 ਮੋਟਰਸਾਈਕਲ ਸਵਾਰ ਉਨ੍ਹਾਂ ਦਾ ਪਿੱਛਾ ਕਰ ਰਹੇ ਸਨ। ਪਿੱਛਾ ਕਰਦੇ-ਕਰਦੇ ਉਕਤ ਮੋਟਰਸਾਈਕਲ ਸਵਾਰਾਂ ਨੇ ਅੱਗੇ ਜਾ ਕੇ ਜਸਪ੍ਰੀਤ ਸਿੰਘ 'ਤੇ ਗੋਲ਼ੀਆਂ ਚਲਾ ਦਿੱਤਾ, ਜਿਸ ਵਿੱਚੋਂ ਗੋਲੀ ਉਦੈਵੀਰ ਦੇ ਜਾ ਲੱਗੀ ਅਤੇ ਗੋਲ਼ੀ ਦੇ ਛੱਰੇ ਅੱਖ 'ਚ ਲੱਗਣ ਕਾਰਨ ਉਸ ਦੀ ਭੈਣ ਨਵਸੀਰਤ ਵੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਈ।

ਇਸ ਵਾਰਦਾਤ ਨੂੰ ਕਿਸ ਕਾਰਨ ਦੇ ਚੱਲਦਿਆਂ ਅੰਜਾਮ ਦਿੱਤਾ ਗਿਆ, ਫਿਲਹਾਲ ਉਸ ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਪਰ ਮੌਕੇ 'ਤੇ ਪਹੁੰਚੇ ਐੱਸ. ਐੱਸ. ਪੀ. ਡਾ. ਨਾਨਕ ਸਿੰਘ ਤੇ ਡੀ. ਐੱਸ. ਪੀ. ਸੰਜੀਵ ਗੋਇਲ ਦੀ ਟੀਮ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਮਾਸੂਮ ਨੂੰ ਅੰਤਿਮ ਵਿਦਾਈ ਦੇਣ ਤੇ ਮਾਪਿਆਂ ਦਾ ਦੁੱਖ ਸਾਂਝਾ ਕਰਨ ਆਪ ਵਿਧਾਇਕ ਵਿਜੇ ਸਿੰਗਲਾ ਵੀ ਪਹੁੰਚੇ। ਪਰਿਵਾਰਕ ਮੈਂਬਰਾਂ ਨੇ ਹਮਲਾਵਰਾਂ ਖ਼ਿਲਾਫ਼ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ।