ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਪ੍ਰਤੀਭਾ ਖੋਜ ਮੁਕਾਬਲੇ ਹਰ ਸਾਲ ਕਰਵਾਉਣ ਦਾ ਐਲਾਨ ਕੀਤਾ ਹੈ। ਅੱਜ ਸਥਾਨਿਕ ਅਮੇਟੀ ਇੰਟਰਨੈਸ਼ਨਲ ਯੂਨੀਵਰਸਿਟੀ ਦੇ ਆਡੀਟੋਰੀਅਮ ਵਿੱਖੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਸਬੰਧੀ ਕਰਵਾਏ ਗਏ ਇੱਕ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਹ ‘ਪ੍ਰਤਿਭਾ ਖੋਜ ਮੁਕਾਬਲੇ’ ਪਹਿਲੀ ਵਾਰ ਕਰਵਾਏ ਗਏ ਹਨ ਅਤੇ ਹੁਣ ਇਹਨਾਂ ਨੂੰ ਹਰ ਸਾਲ ਕਰਵਾਇਆ ਜਾਵੇਗਾ । ਉਹਨਾਂ ਕਿਹਾ ਕਿ ਬੱਚਿਆਂ ਦੀ ਕਲਾ ਨੂੰ ਨਿਖਾਰਨ ਵਾਲੇ ਅਧਿਆਪਕਾਂ ਨੇ ਮਿਹਨਤ ਨਾਲ ਇਹਨਾਂ ਬੱਚਿਆਂ ਦੀ ਤਿਆਰੀ ਕਰਵਾਈ ਹੈ। ਇਹ ਬੱਚੇ ਦੂਸਰੇ ਬੱਚਿਆਂ ਤੋਂ ਵੀ ਵੱਧ ਪ੍ਰਤਿਭਾਸ਼ਾਲੀ ਹੁੰਦੇ ਹਨ ਜੇਕਰ ਇਹਨਾਂ ਢੁੱਕਵਾਂ ਸਮਾਂ ਦਿੱਤਾ ਜਾਵੇ।
ਇਸ ਮੌਕੇ ਬੈਂਸ ਨੇ ਹੌਸਲਾਅਫਜ਼ਾਈ ਲਈ ਵਿਸ਼ੇਸ਼ ਤੌਰ ਤੇ ਪ੍ਰਮਾਣ ਪੱਤਰ ਅਤੇ ਟਰਾਫੀਆਂ ਦੇ ਕੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ। ਇਸ ਸਮੇਂ ਲਗਾਈਆਂ ਗਈਆਂ ਵੱਖ ਵੱਖ ਸਟਾਲਾਂ ਦਾ ਦੌਰਾ ਕਰਕੇ ਹਰ ਸਟਾਲ ਤੇ ਬਰੀਕੀ ਨਾਲ਼ ਜਾਣਕਾਰੀ ਹਾਸਲ ਕੀਤੀ ਅਤੇ ਇਹਨਾਂ ਦੀ ਪ੍ਰਸੰਸਾ ਕੀਤੀ। ਇਹਨਾਂ ਸਟਾਲਾਂ ਵਿੱਚ ਵੀ ਵਿਸ਼ੇਸ਼ ਲੋੜਾਂ ਵਾਲ਼ੇ ਬੱਚਿਆਂ ਨੇ ਆਪੋ ਆਪਣੇ ਹੁਨਰ ਦੀ ਪ੍ਰਦਰਸ਼ਨੀ ਲਗਾਈ ਹੋਈ ਸੀ, ਜਿਨ੍ਹਾਂ ਵਿੱਚ ਥ੍ਰੀ ਡੀ ਪ੍ਰਿੰਟਿੰਗ,ਚੱਪਲ ਮੇਕਿੰਗ,ਚਾਕ ਮੇਕਿੰਗ, ਪੈਨ ਮੇਕਿੰਗ,ਟੈਬ ਲੈਬ, ਫਿਜ਼ਿਓਥਰੈਪੀ ਲੈਬ,ਕਟਿੰਗ ਅਤੇ ਟੇਲਰਿੰਗ ਅਤੇ ਬਿਊਟੀ ਐਂਡ ਵੈੱਲਨੈੱਸ ਆਦਿ ਸਨ। ਇਸ ਮੌਕੇ ਬੱਚਿਆਂ ਦੁਆਰਾ ਪੇਸ਼ ਕੀਤੇ ਗਏ ਸੱਭਿਆਚਾਰ ਪ੍ਰੋਗਰਾਮ ਦੀ ਪੇਸ਼ਕਾਰੀ ਦੀ ਸਮੂਹ ਮਾਪਿਆਂ,ਅਧਿਆਪਕਾਂ ਅਤੇ ਅਧਿਕਾਰੀਆਂ ਨੇ ਖੂਬ ਪ੍ਰਸੰਸਾ ਕੀਤੀ ਗਈ।