ਬਜ਼ੁਰਗ ਬੀਬੀ ਦੀਆਂ ਵਾਲੀਆਂ ਝੱਪਟ ਕੇ ਫਰਾਰ ਹੋਏ ਲੁਟੇਰੇ, ਸੀ. ਸੀ. ਟੀ. ਵੀ. ’ਚ ਕੈਦ

Tags

ਬੁਢਲਾਡਾ ਸ਼ਹਿਰ ਅੰਦਰ ਲਗਾਤਾਰ ਔਰਤਾਂ ਦੀਆਂ ਕੰਨ੍ਹਾਂ ਦੀਆਂ ਵਾਲੀਆਂ ਖੋਹਣ ਦੀਆਂ ਵਾਰਦਾਤਾਂ ਲਗਾਤਾਰ ਵਧਣ ਕਾਰਨ ਲੋਕ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਲੋਕਾਂ ਅੰਦਰ ਡਰ ਦਾ ਮਾਹੌਲ ਬਣਿਆ ਹੋਇਆ ਹੈ। ਆਏ ਦਿਨ ਚੋਰੀ, ਲੁੱਟਖੋਹ, ਕੁੱਟਮਾਰ ਦੀਆਂ ਘਟਨਾਵਾਂ ਵਧਣ ਕਾਰਨ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਅੱਜ ਸ਼ਹਿਰ ਅੰਦਰ ਵਾਰਡ ਨੰ. 9 ’ਚ ਸ਼ੇਰਾਂਵਾਲੇ ਮੁਹੱਲੇ ਵਿਚ ਇਕ 85 ਸਾਲਾਂ ਬਜ਼ੁਰਗ ਬੀਬੀ ਦੀਆਂ 2 ਅਣਪਛਾਤੇ ਵਿਅਕਤੀਆਂ ਵੱਲੋਂ ਕੰਨ੍ਹਾਂ ਦੀਆਂ ਵਾਲੀਆਂ ਖੋਹਣ ਦਾ ਸਮਾਚਾਰ ਮਿਲਿਆ ਹੈ।ਇਕੱਤਰ ਕੀਤੀ ਜਾਣਕਾਰੀ ਅਨੁਸਾਰ ਦੇਵਕੀ ਦੇਵੀ (85) ਪਤਨੀ ਪਰਮਾਨੰਦ ਜੋ ਬਾਜ਼ਾਰ ’ਚੋਂ ਦਵਾਈ ਲੈ ਕੇ ਜਿਉਂ ਹੀ ਸ਼ੇਰਾਂਵਾਲੇ ਮੁਹੱਲੇ ਦੀ ਭੀੜੀ ਗਲੀ ਵਿਚ ਦਾਖਲ ਹੋਈ ਤਾਂ 2 ਮੋਟਰਸਾਈਕਲ ਸਵਾਰਾਂ ਵਿਚੋਂ ਇੱਕ ਨੇ ਬਜ਼ੁਰਗ ਦੇ ਪਿੱਛੋਂ ਆ ਕੇ ਉਸਦੀਆਂ ਕੰਨ੍ਹਾਂ ਦੀਆਂ ਵਾਲੀਆਂ ਝੱਪਟ ਲਈਆਂ। ਉਪਰੋਕਤ ਵਿਅਕਤੀ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਚੁੱਕੇ ਹਨ। ਪੁਲਸ ਨੇ ਭਾਲ ਸ਼ੁਰੂ ਕਰ ਦਿੱਤੀ ਹੈ। ਉਧਰ ਨਗਰ ਸੁਧਾਰ ਸਭਾ ਨੇ ਸ਼ਹਿਰ ਅੰਦਰ ਵੱਧ ਰਹੀਆਂ ਵਾਰਦਾਤਾਂ ਤੇ ਚਿੰਤਾ ਪ੍ਰਗਟ ਕਰਦਿਆਂ ਸ਼ਹਿਰੀਆਂ ਦੀ ਇਕ ਮੀਟਿੰਗ ਬੁਲਾਉਣ ਦਾ ਫੈਸਲਾ ਕੀਤਾ ਹੈ ਜਿਸ ਵਿਚ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਖ਼ਿਲਾਫ ਐੱਸ. ਐੱਸ. ਪੀ. ਮਾਨਸਾ ਨੂੰ ਵਫਦ ਦੇ ਰੂਪ ਵਿਚ ਮਿਲਣ ਦਾ ਫੈਂਸਲਾ ਕੀਤਾ ਜਾਵੇਗਾ ਉਥੇ ਸੰਘਰਸ਼ ਉਲੀਕਣ ਦਾ ਵੀ ਫੈਸਲਾ ਲਿਆ ਜਾਵੇਗਾ।