ਦੇਖੋ ਕਿਵੇਂ ਸਕੂਲ ਵਾਲੀ ਮੈਡਮ ਬਣ ਗਈ ਪੰਜਾਬੀ ਫ਼ਿਲਮਾਂ ਦੀ ਸਭ ਤੋਂ ਵੱਡੀ ਕਲਾਕਾਰਪੰਜਾਬੀ ਫਿਲਮਾਂ ਵਿੱਚ ਅਸੀਂ ਮਾਂ, ਚਾਚੀ ਅਤੇ ਤਾਈ ਆਦਿ ਦੇ ਕਿਰਦਾਰ ਵਿੱਚ ਬਹੁਤ ਹੀ ਅੜਬ ਜਿਹੇ ਸੁਭਾਅ ਦੀ ਮਾਲਕ ਜਿਸ ਚਿਹਰੇ ਨੂੰ ਦੇਖਦੇ ਹਾਂ, ਉਨ੍ਹਾਂ ਦਾ ਨਾਮ ਹੈ, ਗੁਰਪ੍ਰੀਤ ਕੌਰ ਭੰਗੂ। ਹਾਲਾਂਕਿ ਹਕੀਕਤ ਵਿੱਚ ਉਹ ਅਜਿਹੇ ਸੁਭਾਅ ਦੇ ਮਾਲਕ ਨਹੀਂ। ਉਨ੍ਹਾਂ ਦੀ ਭਾਸ਼ਾ ਬਿਲਕੁੱਲ ਠੇਠ ਹੁੰਦੀ ਹੈ।ਫਿਲਮਾਂ ਵਿੱਚ ਉਹ ਜ਼ਿਆਦਾਤਰ ਨਾਂਹ ਪੱਖੀ ਅਤੇ ਜਜ਼ਬਾਤੀ ਕਿਰਦਾਰ ਕਰਦੇ ਨਜ਼ਰ ਆਉੰਦੇ ਹਨ। ਉਹ ਪੜ੍ਹੇ ਲਿਖੇ ਇਨਸਾਨ ਹਨ। ਜੋ ਅਧਿਆਪਕ ਰਹਿ ਚੁੱਕੇ ਹਨ। ਗੁਰਪ੍ਰੀਤ ਕੌਰ ਭੰਗੂ ਦਾ ਜਨਮ ਜ਼ਿਲ੍ਹਾ ਬਠਿੰਡਾ ਦੇ ਪਿੰਡ ਬੁਰਜ ਕਾਹਨ ਸਿੰਘ ਵਾਲਾ ਵਿੱਚ ਪਿਤਾ ਸੁਖਦੇਵ ਸਿੰਘ ਸਿੱਧੂ ਦੇ ਘਰ ਮਾਂ ਸੁਰਜੀਤ ਕੌਰ ਦੀ ਕੁੱਖੋਂ ਇੱਕ ਕਿਸਾਨ ਪਰਿਵਾਰ ਵਿੱਚ ਹੋਇਆ।ਉਹ 4 ਭਰਾ ਅਤੇ 2 ਭੈਣਾਂ ਹਨ। ਗੁਰਪ੍ਰੀਤ ਕੌਰ ਨੇ ਬਠਿੰਡਾ ਕਾਲਜ ਤੋਂ ਰਾਜਨੀਤੀ ਸ਼ਾਸ਼ਤਰ ਦੀ ਐੱਮ ਏ ਕੀਤੀ। ਫੇਰ ਉਹ ਪਟਿਆਲਾ ਦੇ ਫਿਜ਼ੀਕਲ ਕਾਲਜ ਤੋਂ ਪੜ੍ਹਾਈ ਕਰਕੇ ਅਧਿਆਪਕ ਲੱਗ ਗਏ। ਪ੍ਰਾਇਮਰੀ ਸਕੂਲ ਵਿੱਚ ਪੜ੍ਹਦੇ ਸਮੇਂ ਹੀ ਉਨ੍ਹਾਂ ਨੂੰ ਪੰਜਾਬੀ ਨਾਟਕ ਦੇਖਣ ਦਾ ਸ਼ੌਕ ਹੋ ਗਿਆ ਸੀ।ਉਨ੍ਹਾਂ ਦਿਨਾਂ ਵਿੱਚ ਉੱਘੇ ਨਾਟਕਕਾਰ ਗੁਰਸ਼ਰਨ ਸਿੰਘ ਪਿੰਡਾਂ ਵਿੱਚ ਸਮਾਜ ਸੁਧਾਰਕ ਨਾਟਕ ਕਰਦੇ ਹੁੰਦੇ ਸਨ। ਗੁਰਸ਼ਰਨ ਸਿੰਘ ਨੂੰ ‘ਭਾਈ ਮੰਨਾ ਸਿੰਘ’ ਕਰਕੇ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਹੀ ਗੁਰਪ੍ਰੀਤ ਕੌਰ ਨੂੰ ਖੁਦ ਨਾਟਕਾਂ ਵਿੱਚ ਹਿੱਸਾ ਲੈਣ ਦੀ ਚੇਟਕ ਲੱਗ ਗਈ।


ਭਾਵੇਂ ਉਨ੍ਹਾਂ ਦੇ ਪੇਕੇ ਪਰਿਵਾਰ ਵਾਲੇ ਖੁੱਲ੍ਹੇ ਤੌਰ ਤੇ ਇਸ ਦੇ ਹੱਕ ਵਿੱਚ ਨਹੀਂ ਸਨ ਪਰ ਸਹੁਰੇ ਪਰਿਵਾਰ ਨੇ ਉਨ੍ਹਾਂ ਨੂੰ ਇਸ ਪਾਸੇ ਹੋਰ ਉਤਸ਼ਾਹਿਤ ਕੀਤਾ। ਜਿਸ ਨਾਲ ਉਨ੍ਹਾਂ ਦੀ ਕਲਾ ਵਿੱਚ ਹੋਰ ਵੀ ਨਿਖਾਰ ਆਇਆ।ਗੁਰਪ੍ਰੀਤ ਕੌਰ ਆਪਣਾ ਆਦਰਸ਼ ਨਾਟਕਕਾਰ ਗੁਰਸ਼ਰਨ ਸਿੰਘ ਨੂੰ ਮੰਨਦੇ ਹਨ। 17 ਜੁਲਾਈ 1983 ਨੂੰ ਗੁਰਪ੍ਰੀਤ ਕੌਰ ਦਾ ਵਿਆਹ ਸਵਰਨ ਸਿੰਘ ਭੰਗੂ ਪੁੱਤਰ ਪ੍ਰੀਤਮ ਸਿੰਘ ਨਾਲ ਹੋ ਗਿਆ ਅਤੇ ਉਹ ‘ਗੁਰਪ੍ਰੀਤ ਕੌਰ ਭੰਗੂ’ ਬਣ ਗਏ।ਸਹੁਰਾ ਪਰਿਵਾਰ ਨੇ ਕਦੇ ਵੀ ਉਨ੍ਹਾ ਦੇ ਨਾਟਕ ਕਰਨ ਤੇ ਟੋਕਾਟਾਕੀ ਨਹੀਂ ਕੀਤੀ। ਇੱਥੋਂ ਤੱਕ ਕਿ ਉਨ੍ਹਾਂ ਨੇ ਆਪਣੇ ਸਹੁਰੇ ਪਿੰਡ ਵਿੱਚ ਵੀ ਨਾਟਕ ਕੀਤੇ। ਸਵਰਨ ਸਿੰਘ ਭੰਗੂ ਇੱਕ ਪੱਤਰਕਾਰ ਅਤੇ ਲੇਖਕ ਹਨ ਜੋ ‘ਅਜੀਤ’ ਅਖਬਾਰ ਨਾਲ ਸਬੰਧਿਤ ਹਨ। ਸਵਰਨ ਸਿੰਘ ਭੰਗੂ ਉੱਘੇ ਸਮਾਜ ਸੇਵਕ ਹਨ।ਇਸ ਪਰਿਵਾਰ ਨੇ ਆਪਣੀ ਜਾਇਦਾਦ ਸਮਾਜ ਸੇਵਾ ਹਿੱਤ ਇੱਕ ਟਰਸਟ ਦੇ ਨਾਮ ਕੀਤੀ ਹੋਈ ਹੈ। ਇਸ ਜਾਇਦਾਦ ਤੇ ਉਨ੍ਹਾਂ ਦੇ ਬੱਚੇ ਵੀ ਦਾਅਵਾ ਨਹੀਂ ਕਰ ਸਕਦੇ। ਗੁਰਪ੍ਰੀਤ ਕੌਰ ਨੇ ਪੰਜਾਬ ਤੋਂ ਬਾਹਰ ਵੀ ਨਾਟਕਾਂ ਵਿੱਚ ਹਿੱਸਾ ਲਿਆ। ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿੱਚ ਵੀ ਕਈ ਨਾਟਕ ਕੀਤੇ।ਇੱਥੇ ਹੀ ਡਾਇਰੈਕਟਰ ਨੇ ਉਨ੍ਹਾਂ ਦੀ ਕਲਾ ਨੂੰ ਪਛਾਣਦੇ ਹੋਏ ਉਨ੍ਹਾਂ ਨੂੰ ‘ਮਿੱਟੀ’ ਫਿਲਮ ਵਿੱਚ ਛੋਟੇ ਜਿਹੇ ਰੋਲ ਦੀ ਪੇਸ਼ਕਸ਼ ਕੀਤੀ। ਇਸ ਰੋਲ ਦੀ ਬਦੌਲਤ ਹੀ ਅੱਜ ਫਿਲਮਾਂ ਵਿੱਚ ਗੁਰਪ੍ਰੀਤ ਕੌਰ ਭੰਗੂ ਦਾ ਨਾਮ ਬਣ ਚੁੱਕਾ ਹੈ। ਉਨ੍ਹਾਂ ਨੇ ਸੈਕੜੇ ਹੀ ਫਿਲਮਾਂ ਵਿੱਚ ਕੰਮ ਕੀਤਾ।ਉਹ ਅੱਜ ਵੀ ਨਾਟਕ ਨਾਲ ਜੁੜੇ ਹੋਏ ਹਨ। ਭਗਤ ਸਿੰਘ ਦੇ ਸ਼ਹੀਦੀ ਦਿਨ, ਜਨਮ ਦਿਨ, ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਨ ਤੇ ਨਾਟਕ ਕਰਦੇ ਹਨ। ਗੁਰਪ੍ਰੀਤ ਕੌਰ ਭੰਗੂ ਨੇ ਹੁਣ ਤੱਕ 2010 ਵਿੱਚ ਆਈ ‘ਮਿੱਟੀ’ ਫਿਲਮ ਤੋਂ ਸ਼ੁਰੂ ਕਰਕੇ ਨਿੱਕਾ ਜ਼ੈਲਦਾਰ 2, ਗੁੱਡੀਆਂ ਪਟੋਲੇ, ਪ੍ਰਾਹੁਣਾ,ਹਰਜੀਤਾ, ਲੌਂਗ ਲਾਚੀ, ਅਰਦਾਸ ਅਤੇ ਰੱਬ ਦਾ ਰੇਡੀਓ 2 ਸਮੇਤ ਸੈੰਕੜੇ ਹੀ ਛੋਟੀਆਂ ਵੱਡੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ। ਉਨ੍ਹਾਂ ਨੇ ਹਿੰਦੀ ਫਿਲਮਾਂ ‘ਮੌਸਮ’ ਅਤੇ ‘ਬਿੱਟੂ ਬਾਸ’ ਵਿੱਚ ਵੀ ਹਾਜ਼ਰੀ ਲਗਵਾਈ।