ਧੀ ਦੀ ਡੋਲੀ ਤੋਂ ਬਾਅਦ ਉੱਠੀ ਪਿਓ ਦੀ ਅਰਥੀ, ਦੇਖੋ ਤਸਵੀਰਾਂ

Tags

ਘਰ ਦੇ ਮੰਦੇ ਹਾਲਾਤਾਂ ਕਾਰਨ ਇਨਸਾਨ ਨਾਲ ਕੀ ਹੋ ਸਕਦਾ ਹੈ? ਇਸ ਦੀ ਮਿਸਾਲ ਸ੍ਰੀ ਗੋਇੰਦਵਾਲ ਸਾਹਿਬ ਦੇ ਪਿੰਡ ਧੂੰਦਾ ਵਿੱਚ ਦੇਖਣ ਨੂੰ ਮਿਲੀ ਹੈ। ਇਨਸਾਨ ਆਪਣੀ ਔਲਾਦ ਦੇ ਸਹਾਰੇ ਹੀ ਹਵਾ ਵਿੱਚ ਉਡਿਆ ਫਿਰਦਾ ਹੈ ਪਰ ਜੇਕਰ ਬੱਚੇ ਬੁਰੀ ਸੰਗਤ ਵਿੱਚ ਪੈ ਜਾਣ ਤਾਂ ਪਿਤਾ ਨੂੰ ਆਪਣੀ ਜ਼ਿੰਦਗੀ ਵੀ ਬੇਕਾਰ ਲੱਗਣ ਲੱਗ ਪੈੰਦੀ ਹੈ।

ਕਈ ਵਾਰ ਤਾਂ ਪਿਤਾ ਦੀ ਜ਼ਿੰਦਗੀ ਹੀ ਇਨ੍ਹਾਂ ਹਾਲਾਤਾਂ ਦੀ ਭੇਟ ਚੜ੍ਹ ਜਾਂਦੀ ਹੈ। ਬੀਤੇ ਦਿਨੀਂ 4 ਫਰਵਰੀ ਨੂੰ ਸਤਨਾਮ ਸਿੰਘ ਨੇ ਪੈਲੇਸ ਵਿੱਚ ਆਪਣੀ ਧੀ ਚਰਨਜੀਤ ਕੌਰ ਦਾ ਵਿਆਹ ਕੀਤਾ। ਸਾਰਾ ਪ੍ਰੋਗਰਾਮ ਠੀਕ ਠਾਕ ਸਮੇਂ ਸਿਰ ਨਿਪਟ ਗਿਆ। ਚਰਨਜੀਤ ਕੌਰ ਦੀ ਡੋਲੀ ਵਿਦਾ ਹੋ ਗਈ ਪਰ ਇਸ ਤੋਂ ਕੁਝ ਘੰਟਿਆਂ ਬਾਅਦ ਹੀ ਰਾਤ ਨੂੰ 11 ਵਜੇ ਸਤਨਾਮ ਸਿੰਘ ਨੂੰ ਦਿਲ ਦਾ ਦੌਰਾ ਪੈ ਗਿਆ।

ਉਸ ਨੂੰ ਹਸਪਤਾਲ ਲਿਜਾਇਆ ਗਿਆ। ਉੱਥੇ ਡਾਕਟਰਾਂ ਨੇ ਸਤਨਾਮ ਸਿੰਘ ਨੂੰ ਮਿਰਤਕ ਐਲਾਨ ਦਿੱਤਾ। ਉਸ ਦੀ ਉਮਰ ਲਗਭਗ 55 ਸਾਲ ਸੀ। ਸੁਣਨ ਵਿੱਚ ਆਇਆ ਹੈ ਕਿ ਮਿਰਤਕ ਸਤਨਾਮ ਸਿੰਘ ਦੇ ਪੁੱਤਰ ਅਮਲ ਦੀ ਵਰਤੋਂ ਕਰਨ ਦੀ ਆਦਤ ਵਿੱਚ ਫਸੇ ਹੋਏ ਹਨ। ਜਿਸ ਦਾ ਸਤਨਾਮ ਸਿੰਘ ਦੇ ਮਨ ਤੇ ਬੋਝ ਰਹਿੰਦਾ ਸੀ।

ਪਿਓ ਨੇ ਆਪਣੀ ਧੀ ਦਾ ਵਿਆਹ ਤਾਂ ਕਰ ਦਿੱਤਾ ਪਰ ਪਰਿਵਾਰ ਦੀ ਹਾਲਤ ਸਤਨਾਮ ਸਿੰਘ ਨੂੰ ਚੈਨ ਨਹੀਂ ਸੀ ਲੈਣ ਦਿੰਦੀ। ਧੀ ਦੀ ਡੋਲੀ ਵਿਦਾ ਕਰਨ ਉਪਰੰਤ ਰਾਤ ਨੂੰ 11 ਵਜੇ ਸਤਨਾਮ ਸਿੰਘ ਨੂੰ ਦਿਲ ਦਾ ਦੌਰਾ ਪਿਆ ਅਤੇ ਮੁੜ ਉਸ ਨੇ ਅੱਖ ਨਹੀਂ ਖੋਲ੍ਹੀ। ਅਗਲੇ ਦਿਨ ਮੁੰਡੇ ਵਾਲਿਆਂ ਨੇ ਵਿਆਹ ਦੀ ਰਿਸੈਪਸ਼ਨ ਦਾ ਪ੍ਰੋਗਰਾਮ ਰੱਖਿਆ ਹੋਇਆ ਸੀ।

ਚਰਨਜੀਤ ਕੌਰ ਦੇ ਪੇਕੇ ਪਰਿਵਾਰ ਨੇ ਉਸ ਦੇ ਸਹੁਰੇ ਰਿਸੈਪਸ਼ਨ ਪ੍ਰੋਗਰਾਮ ਵਿੱਚ ਪਹੁੰਚਣਾ ਸੀ ਪਰ ਉਸ ਤੋਂ ਪਹਿਲਾਂ ਹੀ ਇਹ ਕੰਮ ਹੋ ਗਿਆ। ਦੋਵੇਂ ਪਰਿਵਾਰਾਂ ਦੀਆਂ ਖੁਸ਼ੀਆਂ ਵਿੱਚੇ ਰਹਿ ਗਈਆਂ। ਮਿਰਤਕ ਦੇ ਪਰਿਵਾਰ ਵਾਲੇ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਸੂਬੇ ਵਿੱਚੋਂ ਅਮਲ ਦੀ ਵਿੱਕਰੀ ਬੰਦ ਹੋਣੀ ਚਾਹੀਦੀ ਹੈ ਤਾਂ ਕਿ ਨੌਜਵਾਨਾਂ ਨੂੰ ਕੁਰਾਹੇ ਪੈਣ ਤੋਂ ਰੋਕਿਆ ਜਾ ਸਕੇ।

ਸੂਬੇ ਵਿੱਚ ਅਮਲ ਪਦਾਰਥਾਂ ਦੀ ਵਿੱਕਰੀ ਦਾ ਮਾਮਲਾ ਕੋਈ ਨਵਾਂ ਮਾਮਲਾ ਨਹੀਂ ਹੈ। ਕਈ ਸਾਲਾਂ ਤੋਂ ਪੰਜਾਬ ਵਾਸੀ ਸਰਕਾਰ ਤੋਂ ਮੰਗ ਕਰ ਰਹੇ ਕਿ ਅਮਲ ਪਦਾਰਥਾਂ ਦੀ ਵਿਕਰੀ ਨੂੰ ਠੱਲ੍ਹ ਪਾਈ ਜਾਵੇ।