ਪ੍ਰਕਾਸ਼ ਸਿੰਘ ਬਾਦਲ ਨੂੰ ਸਿੱਧੇ ਸਵਾਲ, SIT ਨੇ ਲਾਈ ਸਵਾਲਾਂ ਦੀ ਝੜੀ, ਨਵਾਂ ਖੁਲਾਸਾ

Tags

ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਕੋਟਕਪੂਰਾ ਪੁਲਿਸ ਫਾਇਰਿੰਗ ਮਾਮਲੇ ਵਿੱਚ ਕਰੀਬ ਤਿੰਨ ਘੰਟੇ ਪੁੱਛਗਿੱਛ ਕੀਤੀ। ਐਸਆਈਟੀ ਦੀ ਟੀਮ ਅੱਜ ਸਵੇਰੇ 11 ਵਜੇ ਪ੍ਰਕਾਸ਼ ਸਿੰਘ ਬਾਦਲ ਦੀ ਚੰਡੀਗੜ੍ਹ ਦੇ ਸੈਕਟਰ 9 ਸਥਿਤ ਰਿਹਾਇਸ਼ 'ਤੇ ਪਹੁੰਚੀ। ਐਸਆਈਟੀ ਦੀ ਅਗਵਾਈ ਵਧੀਕ ਪੁਲਿਸ ਡਾਇਰੈਕਟਰ ਜਨਰਲ ਐਲਕੇ ਯਾਦਵ ਕਰ ਰਹੇ ਹਨ। 14 ਸਤੰਬਰ ਨੂੰ ਸਿਟ ਨੇ ਇਸ ਮਾਮਲੇ ਦੇ ਸਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਤੋਂ ਪੁੱਛ ਪੜਤਾਲ ਕੀਤੀ ਸੀ। ਐਸਆਈਟੀ ਇਸ ਮਾਮਲੇ ਨੂੰ ਜਲਦ ਨਿਬੇੜਨ ਦੇ ਰੌਂ ਵਿੱਚ ਹੈ।

ਵਿਸ਼ੇਸ਼ ਜਾਂਚ ਟੀਮ ਨੇ ਸਾਲ 2015 ਦੀ ਕੋਟਕਪੂਰਾ ਪੁਲਿਸ ਫਾਇਰਿੰਗ ਮਾਮਲੇ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਕਈ ਸਵਾਲ ਪੁੱਛੇ। ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਸਨ। ਵਿਸ਼ੇਸ਼ ਜਾਂਚ ਟੀਮ ਇਹ ਜਾਣਨਾ ਚਾਹੁੰਦੀ ਹੈ ਕਿ ਪੁਲਿਸ ਨੂੰ ਫਾਇਰਿੰਗ ਦੇ ਹੁਕਮ ਕਿਸ ਨੇ ਦਿੱਤੇ। ਹਾਸਲ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਕ੍ਰਿਸ਼ਨ ਭਗਵਾਨ ਸਿੰਘ ਦਾ ਪੁੱਤਰ ਸੁਖਰਾਜ ਸਿੰਘ ਨਿਆਮੀ ਪਿਛਲੇ ਗਿਆਰਾਂ ਮਹੀਨਿਆਂ ਤੋਂ ਬਹਿਬਲ ਇਨਸਾਫ ਮੋਰਚੇ ਤਹਿਤ ਧਰਨੇ ’ਤੇ ਬੈਠਾ ਹੋਇਆ ਹੈ। ਮੋਰਚੇ ਵੱਲੋਂ 14 ਅਕਤੂਬਰ ਨੂੰ ਸੂਬਾ ਪੱਧਰੀ ਇਕੱਠ ਕਰਕੇ ਤਿੱਖਾ ਸੰਘਰਸ਼ ਵਿੱਢਣ ਦਾ ਐਲਾਨ ਕਰਨ ਸਬੰਧੀ ਪ੍ਰੋਗਰਾਮ ਉਲੀਕਿਆ ਗਿਆ ਹੈ।

ਦੱਸ ਦਈਏ ਕਿ ਇਸ ਘਟਨਾ ਮਗਰੋਂ ਨੇੜਲੇ ਪਿੰਡ ਬਹਿਬਲ ਕਲਾਂ ਵਿੱਚ ਵੀ ਇੱਕ ਪੁਲੀਸ ਅਧਿਕਾਰੀ ਨੇ ਸਿੱਖ ਕਾਰਕੁਨਾਂ ’ਤੇ ਗੋਲੀਆਂ ਚਲਾਈਆਂ ਸਨ, ਜਿਸ ਵਿੱਚ ਵੱਡੀ ਗਿਣਤੀ ਲੋਕ ਫੱਟੜ ਹੋਏ ਸਨ ਤੇ ਦੋ ਸਿੱਖ ਨੌਜਵਾਨ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਬਿੱਟੂ ਸਰਾਵਾਂ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ। ਸਿੱਖ ਕਾਰਕੁਨ ਗੁਰਿੰਦਰ ਸਿੰਘ ਕੋਟਕਪੂਰਾ ਨੇ ਇਸ ਮਸਲੇ ’ਤੇ ਸਰਕਾਰ ਦੀ ਨਿਖੇਧੀ ਕਰਦਿਆਂ ਆਖਿਆ ਕਿ ਸਰਕਾਰਾਂ ਵੱਲੋਂ ਸਿੱਖਾਂ ਨਾਲ ਕੋਝਾ ਮਜ਼ਾਕ ਕੀਤਾ ਜਾ ਰਿਹਾ ਹੈ। ਜਾਂਚ ਕਰਵਾਈ ਜਾਰ ਹੀ ਹੈ, ਪਰ ਸਿੱਖਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ।