ਦੀਵਾਲੀ ਤੇ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਪੰਜਾਬ ਵਾਸੀਆਂ ਨੂੰ ਕੀਤੀ ਇਹ ਅਪੀਲ

Tags

ਮਾਨਸਾ ਦੇ ਪਿੰਡ ਮੂਸਾ ’ਚ ਇਸ ਵਾਰ ਸੋਗ ਦੀ ਲਹਿਰ ਹੈ, ਦੱਸਿਆ ਜਾ ਰਿਹਾ ਹੈ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ’ਚ ਇਨਸਾਫ਼ ਨਾ ਮਿਲਣ ਕਾਰਨ ਪਿੰਡ ਵਾਸੀ ਕਾਲੀ ਦੀਵਾਲੀ ਮਨਾਉਣਗੇ। ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਬਕਾਇਦਾ ਇਸ ਸਬੰਧੀ ਐਲਾਨ ਵੀ ਕੀਤੀ ਗਈ ਹੈ ਕਿ ਮੂਸੇਵਾਲਾ ਦੇ ਕਤਲ ਕਾਂਡ ’ਚ ਇਨਸਾਫ਼ ਨਾ ਮਿਲਣ ਕਾਰਨ ਪਿੰਡ ’ਚ ਕੋਈ ਰੋਸ਼ਨੀ ਨਾ ਕੀਤੀ ਜਾਵੇ ਅਤੇ ਨਾ ਹੀ ਆਪਸ ’ਚ ਮਠਿਆਈ ਵੰਡੀ ਜਾਵੇ। ਪਿੰਡ ਦੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਅਤੇ ਗਾਇਕ ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਨੇ ਦੱਸਿਆ ਕਿ ਇਸ ਵਾਰ ਪਿੰਡ ਮੂਸਾ ’ਚ ਦੀਵਾਲੀ ਨਹੀਂ ਮਨਾਈ ਜਾਵੇਗੀ। ਪਿੰਡ ’ਚ ਕਾਲੀ ਦੀਵਾਲੀ ਦੇ ਐਲਾਨ ਤੋਂ ਬਾਅਦ ਕੋਈ ਵੀ ਦੁਕਾਨਦਾਰ ਪਟਾਕੇ ਜਾਂ ਮਠਿਆਈ ਨਹੀਂ ਲੈਕੇ ਆਇਆ।

ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਸਿੱਧੂ ਪੰਜਾਬ ਅਤੇ ਪਿੰਡ ਮਾਣ ਸੀ, ਜਿਸ ਕਾਰਨ ਸੈਂਕੜੇ ਲੋਕ ਉਸਦੀ ਸਮਾਧ ’ਤੇ ਮੱਥਾ ਟੇਕਣ ਆਉਂਦੇ ਹਨ। ਇੱਥੇ ਦੱਸਣਾ ਬਣਦਾ ਹੈ ਕਿ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਲਗਾਤਾਰ ਇਨਸਾਫ਼ ਲਈ  ਰੋਸ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਇਸ ਮਾਮਲੇ ’ਚ ਕਾਰਵਾਈ ਕਰਨ ਦੀ ਬਜਾਏ ਸਿਰਫ਼ ਲੀਪਾਪੋਤੀ ਕਰ ਰਹੀ ਹੈ। ਮਾਨਸਾ ਪੁਲਿਸ ਦੀ ਹਿਰਾਸਤ ’ਚੋਂ ਗੈਂਗਸਟਰ ਦੀਪਕ ਟੀਨੂੰ ਦਾ ਫ਼ਰਾਰ ਹੋਣਾ ਅਤੇ ਪੁਲਿਸ ਅਧਿਕਾਰੀਆਂ ਦਾ ਗੈਂਗਸਟਰਾਂ ਨਾਲ ਹੱਸ-ਹੱਸ ਗੱਲਾਂ ਕਰਨਾ ਸਾਬਤ ਕਰਦਾ ਹੈ ਕਿ ਇਸ ਮਾਮਲੇ ’ਚ ਜਾਣਬੁੱਝ ਕੇ ਅਣਗਹਿਲੀ ਵਰਤੀ ਜਾ ਰਹੀ ਹੈ।