ਪੰਜਾਬ ਦੇ ਲੋਕਾਂ ਲਈ ਬੇਹੱਦ ਜ਼ਰੂਰੀ ਖ਼ਬਰ ਹੈ। ਪੰਜਾਬ ਦੇ ਮੁੱਖ ਹਾਈਵੇਅ ਇਕ ਅਗਸਤ ਨੂੰ ਬਲਾਕ ਰਹਿਣਗੇ ਕਿਉਂਕਿ ਪੰਜਾਬ ਰੋਡਵੇਜ਼, ਪਨਬੱਸ, ਪੀ. ਆਰ. ਟੀ. ਸੀ. ਕੰਟਰੈਕਟਰ ਵਰਕਰ ਯੂਨੀਅਨ ਪੰਜਾਬ ਵੱਲੋਂ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ 1 ਅਗਸਤ, 2022 ਨੂੰ ਪੰਜਾਬ ਦੇ ਮੁੱਖ ਰੋਡ ਬਲਾਕ ਕੀਤੇ ਜਾਣਗੇ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਨਾਲ ਕੋਈ ਧੱਕੇਸ਼ਾਹੀ ਕੀਤੀ ਤਾਂ 26 ਜੁਲਾਈ ਨੂੰ ਗੇਟ ਰੈਲੀਆਂ ਕੀਤੀਆਂ ਜਾਣਗੀਆਂ ਅਤੇ 1 ਅਗਸਤ ਨੂੰ ਪੰਜਾਬ ਦੇ ਸਾਰੇ ਮੁੱਖ ਰੋਡ ਬਲਾਕ ਕੀਤੇ ਜਾਣਗੇ। ਯੂਨੀਅਨ ਨੇ ਮੰਗ ਕੀਤੀ ਕੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ,
ਡਿਊਟੀ ਤੋਂ ਫ਼ਾਰਗ ਮੁਲਾਜ਼ਮਾਂ ਨੂੰ ਬਹਾਲ ਕੀਤਾ ਜਾਵੇ, ਤਨਖ਼ਾਹ ਵਾਧਾ ਲਾਗੂ ਕੀਤਾ ਜਾਵੇ, ਕਿਲੋਮੀਟਰ ਸਕੀਮ ਬੱਸਾਂ ਦਾ ਟੈਂਡਰ ਰੱਦ ਕਰਕੇ ਮਹਿਕਮੇ ਦੀਆਂ ਬੱਸਾਂ ਪਾਈਆਂ ਜਾਣ, ਆਊਟਸੋਰਸਿੰਗ ਦੀ ਭਰਤੀ ਬੰਦ ਕੀਤੀ ਜਾਵੇ ਅਤੇ ਮਹਿਕਮਾ ਆਪ ਕੰਟਰੈਕਟ ਜਾਂ ਪੱਕੀ ਭਰਤੀ ਕਰੇ। ਯੂਨੀਅਨ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਇਨ੍ਹਾਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਫਿਰ ਉਕਤ ਸੰਘਰਸ਼ ਉਲੀਕਿਆ ਜਾਵੇਗਾ। ਇਸ ਦੇ ਨਾਲ ਹੀ 2 ਅਗਸਤ ਤੋਂ ਮੁੱਖ ਦਫ਼ਤਰ ਪਟਿਆਲਾ ਵਿਖੇ ਭੁੱਖ-ਹੜਤਾਲ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 11 ਅਗਸਤ ਨੂੰ ਗੇਟ ਰੈਲੀਆਂ ਕੀਤੀਆਂ ਜਾਣਗੀਆਂ। ਇਸ ਦੇ ਨਾਲ ਹੀ 14, 15 ਅਤੇ 16 ਅਗਸਤ ਨੂੰ ਤਿੰਨ ਰੋਜ਼ਾ ਹੜਤਾਲ ਕੀਤੀ ਜਾਵੇਗੀ। ਇਸ ਤੋਂ ਇਲਾਵਾ 15 ਅਗਸਤ ਨੂੰ ਮੁੱਖ ਮੰਤਰੀ ਪੰਜਾਬ ਅਤੇ ਟਰਾਂਸਪੋਰਟ ਮੰਤਰੀ ਪੰਜਾਬ ਦਾ ਵੀ ਘਿਰਾਓ ਕੀਤਾ ਜਾਵੇਗਾ। ਇਸ ਦੌਰਾਨ ਰੋਸ ਰੈਲੀ ਕਰਕੇ ਮੁੱਖ ਮੰਤਰੀ ਨੂੰ ਸਵਾਲ ਪੁੱਛਣ ਲਈ ਰੋਸ ਮਾਰਚ ਕੱਢਿਆ ਜਾਵੇਗਾ।