ਪੰਜਾਬ ਸਰਕਾਰ ਨੇ ਸੂਬੇ ਵਿੱਚ ਜ਼ਾਰੀ ਕੀਤੀਆਂ ਨਵੀਆਂ ਹਦਾਇਤਾਂ

Tags

ਪੰਜਾਬ 'ਚ ਲਗਾਤਾਰ ਵੱਧ ਰਹੇ ਕੋਰੇਨਾ ਦੇ ਮਾਮਲਿਆਂ ਦੇ ਮੱਦੇਨਜ਼ਰ ਸਰਕਾਰ ਨੇ ਡਾਕਟਰਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ। ਜਿਸ ਵਿੱਚ ਕਿਹਾ ਗਿਆ ਹੈ ਕਿ ਸਾਰੇ ਡਾਕਟਰ 15 ਦਿਨਾਂ ਦੇ ਅੰਦਰ ਪਰੀਕੌਸ਼ਨਲ ਡੋਜ਼, ਇਸ ਤੋਂ ਇਲਾਵਾ ਫੈਲਾਅ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਮਨੁੱਖੀ ਅਤੇ ਬੁਨਿਆਦੀ ਢਾਂਚੇ ਨੂੰ ਤਿਆਰ ਰੱਖਣ ਦੇ ਵੀ ਨਿਰਦੇਸ਼ ਦਿੱਤੇ ਗਏ ਹਨ। ਹਾਲ ਹੀ ਦੇ ਪਿਛਲੇ ਹਫ਼ਤੇ 'ਚ ਪੰਜਾਬ ਵਿੱਚ ਕੇਸ ਲਗਾਤਾਰ ਵੱਧੇ ਹਨ, ਜਿਸ ਨੇ ਰਾਸ਼ਟਰੀ ਔਸਤ 1.2 ਫ਼ੀਸਦੀ ਦੇ ਮੁਕਾਬਲੇ ਹਫ਼ਤੇ ਭਰ 'ਚ2.3 ਫ਼ੀਸਦੀ ਤੱਕ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਪਿਛਲੇ 7 ਦਿਨਾਂ ਵਿੱਚ ਇਹ ਕੇਸਾਂ ਦੀ ਗਿਣਤੀ 50.2 ਫ਼ੀਸਦੀ ਤੱਕ ਪਹੁੰਚ ਗਈ ਹੈ। ਫਲੂ ਤੋਂ ਪੀੜਤ ਲੋਕਾਂ ਲਈ ਵੱਖਰੀ ਕਤਾਰ ਅਤੇ ਓ.ਪੀ.ਡੀ ਬਣਾਈ ਜਾਵੇਗੀ।

ਸਾਰੇ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਆਪਣੀਆਂ ਰੈਪਿਡ ਰਿਐਕਸ਼ਨ ਟੀਮਾਂ ਨੂੰ ਸਰਗਰਮ ਕਰਨ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਹੇਠਲੇ ਪੱਧਰ ਤੋਂ ਉੱਚ ਪੱਧਰੀ ਸਿਹਤ ਸਹੂਲਤਾਂ ਵਿੱਚ ਤੁਰੰਤ ਤਬਾਦਲੇ ਨੂੰ ਯਕੀਨੀ ਬਣਾਉਣ ਲਈ ਸੰਕਰਮਿਤ ਮਰੀਜ਼ਾਂ ਦੀ ਸਹੀ ਨਿਗਰਾਨੀ ਕੀਤੀ ਜਾਣ ਨੂੰ ਵੀ ਪਹਿਲ ਦੇਣ ਦੀ ਗੱਲ ਕਹੀ ਗਈ ਹੈ। ਇਹ ਹਦਾਇਤਾਂ ਸੂਬੇ ਦੇ ਜਨ ਸਿਹਤ ਸਲਾਹਕਾਰ ਗਰੁੱਪ ਦੀ ਸਿਫ਼ਾਰਸ਼ 'ਤੇ ਜਾਰੀ ਕੀਤੀਆਂ ਗਈਆਂ ਹਨ, ਜਿਸ ਨੇ ਡਾ.ਕੇ.ਕੇ.ਤਲਵਾੜ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ। ਹਸਪਤਾਲਾਂ ਨੂੰ ਵੀ ਲੈਵਲ-2 ਆਕਸੀਜਨ ਸਮਰੱਥਾ ਵਾਲੇ ਬੈੱਡ ਅਤੇ ਲੈਵਲ-3 ਆਈ.ਸੀ.ਯੂ ਬੈੱਡਾਂ ਨੂੰ ਸਰਗਰਮ ਰੱਖਣ ਦੇ ਨਿਰਦੇਸ਼ ਦੇ ਦਿੱਤੇ ਹਨ।

ਇਸ ਦੇ ਨਾਲ ਹੀ ਉਨ੍ਹਾਂ ਨੂੰ ਆਕਸੀਜਨ ਸਿਲੰਡਰਾਂ ਨੂੰ ਤਿਆਰ ਰੱਖਣ ਅਤੇ ਉਨ੍ਹਾਂ ਨੂੰ ਸਟੈਂਡਬਾਏ ਕਰਵਾਉਣ ਦੀ ਵੀ ਗੱਲ ਕਹੀ ਹੈ ਤਾਂ ਜੋ ਉਨ੍ਹਾਂ ਨੂੰ ਲੋੜ ਪੈਣ 'ਤੇ ਵਰਤੋਂ ਵਿੱਚ ਲਿਆਂਦਾ ਜਾ ਸਕੇ। ਲੋੜੀਦੀਆਂ ਦਵਾਈਆਂ ਦਾ ਸਟਾਕ ਰੱਖਣ ਲਈ ਵੀ ਸਰਕਾਰ ਵੱਲ਼ੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਪਾਜ਼ੀਟੇਵ ਮਾਮਲਿਆਂ ਦੇ ਸਹੀ ਸੰਪਰਕ ਨੂੰ ਟਰੇਸ ਕਰਨ ਲਈ ਇਕ ਪੀੜਤ ਮਰੀਜ਼ ਦੇ 30 ਸੰਪਰਕਾਂ ਦੀ ਪਛਾਣ ਕੀਤੀ ਜਾਣ ਲਈ ਵੀ ਕਿਹਾ ਗਿਆ ਹੈ। ਜੇਕਰ ਉਨ੍ਹਾਂ ਵਿੱਚੋਂ ਕਿਸੇ 'ਚ ਲੱਛਣ ਪਾਏ ਜਾਂਦੇ ਹਨ ਤਾਂ ਉਨ੍ਹਾਂ ਦਾ ਵੀ ਕੋਰੋਨਾ ਟੈਸਟ ਕੀਤਾ ਜਾਵੇਗਾ। ਇਸ ਵਿੱਚ ਉਨ੍ਹਾਂ ਲੋਕਾਂ ਦੀ ਪਛਾਣ ਕੀਤੀ ਜਾਵੇਗੀ ਜੋ ਕਿ ਮਰੀਜ਼ ਨੂੰ ਸਕਾਰਾਤਮਕ ਟੈਸਟ ਕਰਾਉਣ ਤੋਂ ਪਹਿਲਾਂ ਮਿਲੇ ਸਨ।

ਹਸਪਤਾਲ ਪ੍ਰਬੰਧਕਾਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਭੀੜ-ਭੜੱਕੇ ਅਤੇ ਲੰਮੀਆਂ ਕਤਾਰਾਂ ਤੋਂ ਬਚ ਕੇ ਸਮਾਜਿਕ ਦੂਰੀ ਰੱਖੀ ਜਾਵੇ। ਇਸ ਦੇ ਨਾਲ ਹੀ ਸਰਕਾਰੀ ਹਸਪਤਾਲਾਂ ਵਿੱਚ ਕਿਸੇ ਮਰੀਜ਼ ਨੂੰ ਐਮਰਜੇਂਸੀ 'ਚ ਦਾਖ਼ਲ ਕਰਨ ਤੋਂ ਪਹਿਲਾਂ ਉਸ ਦਾ RT-PCR ਟੈਸਟ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਜੋ ਸੈਂਪਲ ਲਏ ਜਾਣਗੇ ਉਨ੍ਹਾਂ ਨੂੰ ਉਸੇ ਦਿਨ ਹੀ ਲੈਬੋਟਰੀ ਭੇਜਿਆ ਜਾਵੇਗਾ। ਸਾਰੇ ਡਾਕਟਰਾਂ ਅਤੇ ਪੈਰਾ-ਮੈਡੀਕਲ ਸਟਾਫ ਨੂੰ ਮਾਸਕ ਪਹਿਨਣ ਦੀ ਸਲਾਹ ਦਿੱਤੀ ਗਈ ਹੈ ਅਤੇ ਨਾਲ ਹੀ ਮਰੀਜ਼ਾਂ ਨੂੰ ਚੈੱਕ-ਅਪ ਲਈ ਹਸਪਤਾਲਾਂ ਦਾ ਦੌਰਾ ਕਰਨ ਸਮੇਂ ਮਾਸਕ ਪਾਉਣ ਲਈ ਉਤਸ਼ਾਹਿਤ ਕੀਤਾ ਗਿਆ ਹੈ।