ਪੂਰੇ ਪੰਜਾਬ ਲਈ ਭਗਵੰਤ ਮਾਨ ਮੂਹਰੇ ਕੇਜਰੀਵਾਲ ਨੇ ਕਰਤਾ ਵੱਡਾ ਐਲਾਨ

Tags

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਅਧੀਨ ਪੰਜਾਬ ’ਚ ਉੱਨਤ ਖੇਤੀ ਮਾਡਲ ਲਾਗੂ ਹੋਵੇਗਾ। ਇਹ ਵਿਸ਼ਵਾਸ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਤਾਇਆ ਹੈ। ਚੰਡੀਗੜ੍ਹ ਦੇ ਟੈਗੋਰ ਥਿਏਟਰ ’ਚ ਗਲਵਾਨ ਘਾਟੀ ਅਤੇ ਕਿਸਾਨ ਅੰਦੋਲਨ ਵਿਚ ਸ਼ਹੀਦ ਹੋਏ ਜਵਾਨਾਂ ਅਤੇ ਕਿਸਾਨਾਂ ਨੂੰ ਸ਼ਰਧਾਂਜ਼ਲੀ ਦਿੰਦੇ ਕੇਜਰੀਵਾਲ ਨੇ ਕਿਹਾ ਕਿ ਬਿਨ੍ਹਾਂ ਸ਼ੱਕ ਪੰਜਾਬ ਛੇਤੀ ਹੀ ਉੱਨਤ ਖੇਤੀ ਢੰਗਾਂ ’ਤੇ ਆਧਾਰਿਤ ਵਿਲੱਖਣ ਖੇਤੀ ਮਾਡਲ ਦੇ ਨਾਲ ਮੋਹਰੀ ਰਾਜ ਬਣ ਜਾਵੇਗਾ। ਇਸਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਖੇਤੀ ਨੂੰ ਆਰਥਿਕ ਤੌਰ ’ਤੇ ਟਿਕਾਊ ਅਤੇ ਲਾਭ ਵਾਲਾ ਕਾਰਜ ਬਣਾਉਣ ਦੀ ਵਚਨਬੱਧਤਾ ਨੂੰ ਦੁਹਰਾਇਆ। ਸਮਾਗਮ ਦੌਰਾਨ ਕਿਸਾਨ ਸੰਘਰਸ਼ ਅਤੇ ਗਲਵਾਨ ਘਾਟੀ ਵਿਚ ਸ਼ਹੀਦ ਹੋਏ ਪਰਿਵਾਰਾਂ ਨੂੰ ਕਰਮਵਾਰ 3 ਲੱਖ ਰੁਪਏ ਅਤੇ 10 ਲੱਖ ਰੁਪਏ ਦੀ ਵਿੱਤੀ ਸਹਾਇਤਾ ਭੇਂਟ ਕੀਤੀ ਗਈ।

ਸ਼ਰਧਾਂਜ਼ਲੀ ਸਮਾਗਮ ਵਿਚ ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਵ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਰਾਵ ਨੇ ਕਿਸਾਨਾਂ ਨੂੰ ਕੇਂਦਰ ਵਲੋਂ ਸੰਵਿਧਾਨਕ ਗਾਰੰਟੀ ਦੇ ਨਾਲ ਸਾਰੀਆਂ ਫਸਲਾਂ ’ਤੇ ਘੱਟੋ-ਘੱਟ ਸਮਰਥਨ ਮੁੱਲ ਸਮੇਤ ਹੋਰ ਮੰਗਾਂ ਲਈ ਦੁਬਾਰਾ ਦੇਸਵਿਆਪੀ ਅੰਦੋਲਨ ਸ਼ੁਰੂ ਕਰਨ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦਾ ਇਸ ਸੰਘਰਸ਼ ਵਿਚ ਸਿਰਫ਼ ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰਪ੍ਰਦੇਸ਼ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ ਹੈ ਸਗੋਂ ਸਾਰੇ ਰਾਜਾਂ ਦੇ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਕੇਂਦਰ ਤੋਂ ਮੰਗਾਂ ਨੂੰ ਮਨਵਾਉਣ ਲਈ ਅੱਗੇ ਆਉਣ। ਅਜਿਹੇ ਸੰਘਰਸ਼ ਦੇਸ ਭਰ ਦੇ ਕਿਸਾਨਾਂ ਦੀ ਭਲਾਈ ਅਤੇ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਦਾ ਮੂਲ ਆਧਾਰ ਹੈ।