ਬਾਦਲਾਂ ਦਾ ਕਰੀਬੀ ਲੀਡਰ ਹੋਇਆ ਬਾਗੀ, ਤੋੜਿਆ ਨਾਤਾ, ਬਣਾਈ ਨਵੀਂ ਪਾਰਟੀ

Tags

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਅੱਜ ਵੱਖਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਬਣਾਉਣ ਦਾ ਐਲਾਨ ਕਰ ਦਿੱਤਾ। ਇਹ ਐਲਾਨ ਉਨ੍ਹਾਂ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਕਰਾਰੀ ਹਾਰ ਤੋਂ ਬਾਅਦ ਹੁਣ ਰਾਜਧਾਨੀ ਦਿੱਲੀ ’ਚ ਪਾਰਟੀ ਦੋਫਾੜ ਹੋ ਗਈ ਹੈ। ਅਕਾਲੀ ਦਲ ਦੀ ਟਿਕਟ ’ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਜਿੱਤੇ 2 ਦਰਜਨ ਤੋਂ ਵੱਧ ਮੈਬਰਾਂ ਨੇ ਪਾਰਟੀ ਤੋਂ ਕਿਨਾਰਾ ਕਰ ਲਿਆ ਹੈ। ਹੁਣ ਸਾਰੇ ਮੈਬਰਾਂ ਨੇ ਮਿਲ ਕੇ ਦਿੱਲੀ ’ਚ ਇਕ ਨਵੀਂ ਧਾਰਮਿਕ ਪਾਰਟੀ ਬਣਾ ਲਈ ਹੈ। ਇਸ ਸਭ ਵਿਚਾਲੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਹਾਈਕਮਾਨ ਨੇ

ਪਾਰਟੀ ਵਿਰੋਧੀ ਗਤੀਵਿਧੀਆਂ ’ਚ ਸ਼ਾਮਲ ਹੋਣ ਦੇ ਦੋਸ਼ ’ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖਾਸਤ ਕਰ ਦਿੱਤਾ ਹੈ। ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਉਨ੍ਹਾਂ ਦੀ ਨਵੀਂ ਧਾਰਮਿਕ ਪਾਰਟੀ ਦਾ ‘ਜਾਗੋ’ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ .ਕੇ. ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਰਨਾ ਭਰਾਵਾਂ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ। ਉਨ੍ਹਾਂ ਦੇ ਆਪਣੇ ਰਾਜਨੀਤਕ ਏਜੰਡੇ ਹਨ। ਇਸ ਦੇ ਨਾਲ ਹੀ ਦਿੱਲੀ ਦੇ ਸੀਨੀਅਰ ਅਕਾਲੀ ਨੇਤਾ ਜਥੇ. ਅਵਤਾਰ ਸਿੰਘ ਹਿੱਤ ਦੀ ਅਗਵਾਈ ’ਚ 7 ਮੈਂਬਰੀ ਵਿਸ਼ੇਸ਼ ਕਮੇਟੀ ਬਣਾ ਦਿੱਤੀ ਗਈ ਹੈ।

ਇਹ ਕਮੇਟੀ ਅਸਥਾਈ ਤੌਰ ’ਤੇ ਅਕਾਲੀ ਦਲ ਦੀ ਦਿੱਲੀ ਇਕਾਈ ਦਾ ਸੰਚਾਲਨ ਕਰੇਗੀ। ਇਸ ’ਚ ਹਿੱਤ ਤੋਂ ਇਲਾਵਾ ਦਿੱਲੀ ਕਮੇਟੀ ਦੇ ਸੀਨੀ. ਉੱਪ ਪ੍ਰਧਾਨ ਹਰਵਿੰਦਰ ਸਿੰਘ ਕੇ. ਪੀ., ਦਿੱਲੀ ਕਮੇਟੀ ਮੈਂਬਰ ਐੱਮ.ਪੀ.ਐੱਸ. ਚੱਢਾ, ਗੁਰਪ੍ਰੀਤ ਸਿੰਘ ਜੱਸਾ, ਐੱਸ.ਜੀ.ਪੀ.ਸੀ. ਮੈਂਬਰ ਭੁਪਿੰਦਰ ਸਿੰਘ ਆਨੰਦ , ਸਾਬਕਾ ਕਮੇਟੀ ਮੈਂਬਰ ਰਵਿੰਦਰ ਸਿੰਘ ਖੁਰਾਣਾ, ਮਹਿੰਦਰ ਸਿੰਘ ਭੋਲਾ ਸ਼ਾਮਲ ਹਨ। ਇਸ ਦਾ ਐਲਾਨ ਅਕਾਲੀ ਦਲ ਦੇ ਸੀਨੀ. ਨੇਤਾ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕੀਤਾ ਹੈ। ਦਿੱਲੀ ਤੋਂ ਲੈ ਕੇ ਚੰਡੀਗੜ੍ਹ ਤੱਕ ਮਚੇ ਸਿਆਸੀ ਘਮਾਸਾਨ ਵਿਚਾਵੇ ਅਕਾਲੀ ਦਲ ਦੇ ਦਿੱਲੀ ਦਫ਼ਤਰ ’ਤੇ ਤਾਲਾਬੰਦੀ ਕਰ ਦਿੱਤੀ ਗਈ ਹੈ।