'ਆਪ' ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ 48 ਸਾਲਾ ਭਗਵੰਤ ਮਾਨ ਧੂਰੀ ਸੀਟ ਤੋਂ ਚੋਣ ਲੜ ਰਹੇ ਹਨ। ਉਨ੍ਹਾਂ ਨੇ ਨਾਮਜ਼ਦਗੀ ਦੌਰਾਨ ਆਪਣੇ ਹਲਫਨਾਮੇ ਵਿੱਚ ਆਪਣੀ ਜਾਇਦਾਦ ਤੇ ਦੇਣਦਾਰੀਆਂ ਦਾ ਵੇਰਵਾ ਦਿੱਤਾ ਹੈ। ਉਹ ਸ਼ਨੀਵਾਰ ਨੂੰ ਧੂਰੀ ਦੇ ਰਿਟਰਨਿੰਗ ਅਫਸਰ ਕੋਲ ਆਪਣੀ ਮਾਂ ਸਮੇਤ ਨਾਮਜ਼ਦਗੀ ਦਾਖਲ ਕਰਵਾਉਣ ਲਈ ਪਹੁੰਚੇ ਸਨ। ਪੰਜਾਬ ਵਿੱਚ 20 ਫਰਵਰੀ ਨੂੰ ਚੋਣਾਂ ਹੋਣੀਆਂ ਹਨ। ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਨੇ ਆਪਣੀ ਜਾਇਦਾਦ 1.97 ਕਰੋੜ ਰੁਪਏ ਦੱਸੀ ਹੈ। ਇਸ ਵਿੱਚ ਉਨ੍ਹਾਂ ਦੀਆਂ 27 ਲੱਖ ਰੁਪਏ ਦੀਆਂ ਦੋ ਟੋਇਟਾ ਫਾਰਚੂਨਰ SUV ਤੇ 1.49 ਕਰੋੜ ਰੁਪਏ ਦੀ ਅਚੱਲ ਜਾਇਦਾਦ ਸ਼ਾਮਲ ਹੈ।
ਮਾਨ ਨੇ ਦੱਸਿਆ ਕਿ ਸਾਲ 2020-21 ਦੌਰਾਨ ਉਨ੍ਹਾਂ ਦੀ ਕੁੱਲ ਕਮਾਈ 18.34 ਲੱਖ ਸੀ। ਮਾਨ ਕੋਲ ਸੰਗਰੂਰ ਵਿੱਚ 1.12 ਕਰੋੜ ਦੀ ਖੇਤੀਯੋਗ ਜ਼ਮੀਨ ਹੈ, ਜਦਕਿ ਪਟਿਆਲਾ ਵਿੱਚ 37 ਲੱਖ ਰੁਪਏ ਦੀ ਵਪਾਰਕ ਜਾਇਦਾਦ ਹੈ। ਹਲਫ਼ਨਾਮੇ ਅਨੁਸਾਰ ਉਹਨਾਂ ਕੋਲ ਕੋਈ ਰਿਹਾਇਸ਼ੀ ਜਾਇਦਾਦ ਨਹੀਂ ਹੈ। ਮਾਨ ਕੋਲ ਸਾਢੇ ਪੰਜ ਲੱਖ ਦੀ ਕੀਮਤ ਦੇ 95 ਗ੍ਰਾਮ ਗਹਿਣੇ, 20 ਹਜ਼ਾਰ ਰੁਪਏ ਦੀ ਇੱਕ ਬੰਦੂਕ ਹੈ। ਮਾਨ ਨੇ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਤੋਂ ਸਾਲ 1992 ਵਿੱਚ ਬੀ.ਕਾਮ ਪਹਿਲੇ ਸਾਲ ਦੀ ਪ੍ਰੀਖਿਆ ਪਾਸ ਕੀਤੀ ਸੀ।