ਬੀਜੇਪੀ ਨੇ ਦਿੱਲੀ ਤੋਂ ਘੁਮਾਈ ਗੇਮ, ਪੰਜਾਬ ਦੀ ਪਲਟਤੀ ਸਿਆਸਤ!

Tags

ਬੀਜੇਪੀ ਨੇ ਅੱਜ ਸੰਗਰੂਰ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਅਰਵਿੰਦ ਖੰਨਾ, ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਦੋਹਤੇ ਕਰਨਵੀਰ ਸਿੰਘ ਟੌਹੜਾ ਤੇ ਲੁਧਿਆਣਾ ਤੋਂ ਯੂਥ ਅਕਾਲੀ ਆਗੂ ਗੁਰਦੀਪ ਗੋਸ਼ਾ ਨੂੰ ਆਪਣੇ ਸ਼ਾਮਲ ਕਰ ਲਿਆ। ਦਿੱਲੀ ਵਿੱਚ ਭਾਜਪਾ ਦੇ ਪੰਜਾਬ ਚੋਣ ਇੰਚਾਰਜ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ, ਪੰਜਾਬ ਇੰਚਾਰਜ ਦੁਸ਼ਯੰਤ ਗੌਤਮ, ਮਨਜਿੰਦਰ ਸਿਰਸਾ ਤੇ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਉਨ੍ਹਾਂ ਦਾ ਪਾਰਟੀ ਵਿੱਚ ਸਵਾਗਤ ਕੀਤਾ। ਅਰਵਿੰਦ ਖੰਨਾ ਵੱਡੇ ਕਾਰੋਬਾਰੀ ਹਨ ਤੇ ਉਨ੍ਹਾਂ ਦੇ ਕੈਪਟਨ ਅਮਰਿੰਦਰ ਸਿੰਘ ਨਾਲ ਨਜ਼ਦੀਕੀ ਸਬੰਧ ਸਨ। ਹਾਲਾਂਕਿ ਪਹਿਲਾਂ ਅਰਵਿੰਦ ਖੰਨਾ ਦੇ ਕਦੇ ਅਕਾਲੀ ਦਲ ਤੇ ਕਦੇ ਕਾਂਗਰਸ 'ਚ ਵਾਪਸੀ ਦੀ ਚਰਚਾ ਸੀ ਪਰ ਉਨ੍ਹਾਂ ਨੇ ਅਗਲੇ ਸਿਆਸੀ ਸਫਰ ਲਈ ਬੀਜੇਪੀ ਨੂੰ ਚੁਣਿਆ ਹੈ।

ਅਰਵਿੰਦ ਖੰਨਾ ਕਾਂਗਰਸ ਦੀ ਟਿਕਟ 'ਤੇ ਦੋ ਵਾਰ ਸੰਗਰੂਰ ਤੋਂ ਵਿਧਾਇਕ ਰਹਿ ਚੁੱਕੇ ਹਨ। ਉਹ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਮੰਨੇ ਜਾਂਦੇ ਹਨ। ਭਾਜਪਾ ਵਿੱਚ ਸ਼ਾਮਲ ਹੋਏ ਕਰਨਵੀਰ ਟੌਹੜਾ ਦੇ ਨਾਨਾ ਗੁਰਚਰਨ ਸਿੰਘ ਟੌਹੜਾ ਪੰਜਾਬ ਦੇ ਸਿਆਸੀ ਆਗੂ ਰਹੇ ਹਨ। ਉਹ 27 ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਪ੍ਰਧਾਨ ਰਹੇ। ਬੀਜੇਪੀ ਪਿਛਲੇ ਦਿਨਾਂ ਤੋਂ ਲਗਾਤਾਰ ਪੰਜਾਬ ਦੇ ਲੀਡਰਾਂ ਨੂੰ ਪਾਰਟੀ ਵਿੱਚ ਸ਼ਾਮਲ ਕਰ ਰਹੀ ਹੈ। ਉਹ 2002 ਦੀਆਂ ਵਿਧਾਨ ਸਭਾ ਚੋਣਾਂ ਸੰਗਰੂਰ ਤੋਂ ਕਾਂਗਰਸ ਦੀ ਟਿਕਟ 'ਤੇ ਜਿੱਤੇ ਸਨ।

2004 ਵਿੱਚ, ਅਰਵਿੰਦ ਖੰਨਾ ਲੋਕ ਸਭਾ ਚੋਣਾਂ ਵਿੱਚ ਆਪਣੀ ਕਿਸਮਤ ਅਜ਼ਮਾਉਣ ਲਈ ਕਾਂਗਰਸ ਦੀ ਟਿਕਟ 'ਤੇ ਚੋਣ ਲੜੇ, ਪਰ ਹਾਰ ਗਏ। 2007 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੇ ਘਰੇਲੂ ਕਾਰਨਾਂ ਕਰਕੇ ਦੂਰੀ ਬਣਾਈ ਰੱਖੀ। ਦੱਸ ਦਈਏ ਕਿ ਸਾਲ 1998 ਵਿੱਚ ਦਿੱਲੀ ਦੇ ਵੱਡੇ ਕਾਰੋਬਾਰੀ ਅਰਵਿੰਦ ਖੰਨਾ ਨੇ ਅਕਾਲੀ ਦਲ ਦੇ ਦਿੱਗਜ ਤਤਕਾਲੀ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਰਾਹੀਂ ਸੰਗਰੂਰ ਵਿੱਚ ਅਕਾਲੀ ਦਲ ਵਿੱਚ ਪ੍ਰਵੇਸ਼ ਕੀਤਾ ਸੀ। 2000 ਵਿੱਚ ਕੈਪਟਨ ਅਮਰਿੰਦਰ ਸਿੰਘ ਨਾਲ ਆਪਣੀ ਨੇੜਤਾ ਕਾਰਨ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਏ।