ਮੋਦੀ ਦੇ ਰੁਕੇ ਕਾਫ਼ਲੇ ਨੂੰ ਲੈ ਸੁਪਰੀਮ ਕੋਰਟ ਦਾ ਵੱਡਾ ਫੈਸਲਾ!

Tags

ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਿਛਲੇ ਦਿਨੀਂ ਪੰਜਾਬ ਦੌਰੇ ਨਾਲ ਸੰਬੰਧਤ ਸਾਰੇ ਰਿਕਾਰਡ ਸੁਰੱਖਿਅਤ ਕਰਨ ਦਾ ਨਿਰਦੇਸ਼ ਦਿੱਤਾ। ਚੀਫ਼ ਜਸਟਿਸ ਐੱਨ.ਵੀ ਰਮੰਨਾ ਅਤੇ ਜੱਜ ਸੂਰੀਆਕਾਂਤ ਅਤੇ ਜੱਜ ਹੇਮਾ ਕੋਹਲੀ ਦੀ ਬੈਂਚ ਨੇ ਰਿਕਾਰਡ ਸੁਰੱਖਿਅਤ ਰੱਖਣ ਦੇ ਨਿਰਦੇਸ਼ ਦੇ ਨਾਲ ਹੀ ਪੀ.ਐੱਮ. ਮੋਦੀ ਦੀ ਪਿਛਲੇ ਦਿਨੀਂ ਪੰਜਾਬ ਯਾਤਰਾ ਦੌਰਾਨ ਸੁਰੱਖਿਆ 'ਚ ਅਣਗਹਿਲੀ ਮਾਮਲੇ 'ਚ ਕੇਂਦਰ ਅਤੇ ਪੰਜਾਬ ਵਲੋਂ ਗਠਿਤ 2 ਵੱਖ-ਵੱਖ ਕਮੇਟੀਆਂ ਨੂੰ ਪਟੀਸ਼ਨ 'ਤੇ ਅਗਲੀ ਸੁਣਵਾਈ ਸੋਮਵਾਰ ਤੱਕ ਲਈ ਜਾਂਚ ਨਹੀਂ ਕਰਨ ਦਾ ਨਿਰਦੇਸ਼ ਦਿੱਤਾ। ਚੀਫ਼ ਜਸਟਿਸ ਦੀ ਪ੍ਰਧਾਨਗੀ ਵਾਲੀ ਬੈਂਚ ਪ੍ਰਧਾਨ ਮੰਤਰੀ ਦੀ ਸੁਰੱਖਿਆ 'ਚ ਅਣਗਹਿਲੀ ਵਿਰੁੱਧ ਐੱਨ.ਜੀ.ਓ. 'ਲਾਇਰਜ਼ ਵਾਇਰਸ' ਵਲੋਂ ਇਕ ਪਟੀਸ਼ਨ 'ਤੇ ਸੁਣਵਾਈ ਕਰਦੇ ਇਹ ਨਿਰਦੇਸ਼ ਦਿੱਤਾ।

ਇਹ ਪਟੀਸ਼ਨ ਵੀਰਵਾਰ ਨੂੰ ਦਾਇਰ ਕੀਤੀ ਗਈ ਸੀ ਅਤੇ ਇਸ ਮਾਮਲੇ 'ਚ ਵਿਸ਼ੇਸ਼ ਜ਼ਿਕਰ ਦੇ ਅਧੀਨ ਜਲਦ ਸੁਣਵਾਈ ਦੀ ਗੁਹਾਰ ਲਗਾਈ ਗਈ ਸੀ। ਸੁਪਰੀਮ ਕੋਰਟ ਨੇ ਚੰਡੀਗੜ੍ਹ ਦੇ ਡਾਇਰੈਕਟਰ ਜਨਰਲ ਅਤੇ ਐੱਨ.ਆਈ.ਏ. ਅਤੇ ਐੱਸ.ਪੀ.ਜੀ. ਸਮੇਤ ਵੱਖ-ਵੱਖ ਕੇਂਦਰੀ ਜਾਂਚ ਏਜੰਸੀਆਂ ਦੇ ਹੋਰ ਸੀਨੀਅਰ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਪ੍ਰਧਾਨ ਮੰਤਰੀ ਦੀ ਯਾਤਰਾ ਨਾਲ ਸੰਬੰਧਤ ਰਿਕਾਰਡ ਉਪਲੱਬਧ ਕਰਵਾਉਣ 'ਚ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਦਾ ਜ਼ਰੂਰੀ ਸਹਿਯੋਗ ਕਰੇ। ਸੁਪਰੀਮ ਕੋਰਟ ਪੰਜਾਬ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ 'ਚ ਅਣਗਹਿਲੀ 'ਤੇ ਸਵਾਲ ਖੜ੍ਹੇ ਕਰਨ ਵਾਲੀ ਪਟੀਸ਼ਨ 'ਤੇ ਜਲਦ ਸੁਣਵਾਈ ਦੀ ਗੁਹਾਰ ਸੀਨੀਅਰ ਐਡਵੋਕੇਟ ਮਨਿੰਦਰ ਸਿੰਘ ਨੇ ਲਗਾਈ ਸੀ। ਇਸ ਤੋਂ ਬਾਅਦ ਚੀਫ਼ ਜਸਟਿਸ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਇਸ ਮਾਮਲੇ ਦੀ ਸੁਣਵਾਈ ਅੱਜ ਯਾਨੀ ਸ਼ੁੱਕਰਵਾਰ ਕਰਨ ਲਈ ਸਹਿਮਤ ਹੋਈ ਸੀ।