ਪੰਜਾਬੀਆਂ ਨੂੰ ਅਜੇ ਹੋਰ ਠਾਰੇਗੀ ਠੰਡ, ਮਾਹਿਰ ਤੋਂ ਸੁਣੋ ਕਦੋਂ ਹੋਵੇਗਾ ਮੌਸਮ ਸਾਫ਼

Tags

ਉੱਤਰ ਭਾਰਤ ਵਿੱਚ ਰਿਕਾਰਡਤੋੜ ਠੰਢ ਪੈ ਰਹੀ ਹੈ। ਪਹਿਲਾਂ ਜਿੱਥੇ 7 ਦਿਨ ਤੇਜ਼ ਬਰਸਾਤ ਨੇ ਪਰੇਸ਼ਾਨ ਕੀਤਾ। ਉੱਥੇ ਹੀ ਅੱਜ ਸਵੇਰੇ ਪੰਜਾਬ-ਹਰਿਆਣਾ ਤੇ ਚੰਡੀਗੜ੍ਹ ਦੇ ਕਈ ਇਲਾਕਿਆਂ ਵਿੱਚ ਸੰਘਣੀ ਧੁੰਦ ਪਈ। ਵਿਜ਼ੀਬਿਲਟੀ ਕਾਫ਼ੀ ਘੱਟ ਸੀ, ਜਿਸ ਕਰਕੇ ਆਵਾਜਾਈ ਵਿੱਚ ਕਾਫ਼ੀ ਪਰੇਸ਼ਾਨੀ ਹੋਈ। ਹਿਮਾਚਲ `ਚ ਜ਼ਬਰਦਸਤ ਬਰਫ਼ਬਾਰੀ ਕਰਕੇ ਕਈ ਮੌਤਾਂ ਹੋਈਆਂ। ਸ਼ਿਮਲਾ ਵਿੱਚ ਬਰਫ਼ਬਾਰੀ ਕਰਕੇ ਸੜਕਾਂ ਜਾਮ ਹਨ, ਜਦਕਿ ਕਈ ਮਾਰਗਾਂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿਤਾ ਗਿਆ ਹੈ। ਇਹੀ ਨਹੀਂ ਇੱਥੇ ਬਰਫ਼ ਦਾ ਅਨੰਦ ਲੈਣ ਆਏ ਸੈਲਾਨੀਆਂ ਲਈ ਵੀ ਹੁਣ ਬਰਫ਼ ਮੁਸੀਬਤ ਬਣ ਗਈ ਹੈ।ਮੌਸਮ ਵਿਭਾਗ ਦੇ ਮੁਤਾਬਕ ਹਾਲੇ 3 ਦਿਨ ਹੋਰ ਯਾਨਿ 12, 13 ਤੇ 14 ਜਨਵਰੀ ਨੂੰ ਪੰਜਬ ਹਰਿਆਣਾ ਤੇ ਚੰਡੀਗੜ੍ਹ `ਤੇ ਸੀਤ ਲਹਿਰ ਦਾ ਪ੍ਰਕੋਪ ਰਹੇਗਾ।

ਇਸ ਦੇ ਨਾਲ ਹੀ ਸੰਘਣੀ ਧੁੰਦ ਵੀ ਖ਼ੂਬ ਕਹਿਰ ਢਾਏਗੀ। ਮੌਸਮ ਵਿਭਾਗ ਦੀ ਜਾਣਕਾਰੀ ਦੇ ਮੁਤਾਬਕ ਪੱਛਮੀ ਗੜਬੜੀ ਸਰਗਰਮ ਹੋਣ ਕਰਕੇ ਉੱਤਰ ਭਾਰਤ ਵਿੱਚ ਮੌਸਮ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ ਹੈ। ਪਹਾੜਾਂ `ਤੇ ਜ਼ਬਰਦਸਤ ਬਰਫ਼ਬਾਰੀ ਹੋ ਰਹੀ ਹੈ। ਫ਼ਿਲਹਾਲ ਮਕਰ ਸੰਗਰਾਂਦ ਤੱਕ ਉੱਤਰ ਭਾਰਤ ਦੇ ਵਾਸੀਆਂ ਨੂੰ ਠੰਢ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ।ਕਿਉਂਕਿ ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਪੰਜਾਬ, ਹਰਿਆਣਾ ਤੇ ਚੰਡੀਗੜ੍ਹ `ਚ ਅਗਲੇ 3 ਦਿਨ ਯਾਨਿ 12, 13 ਤੇ 14 ਜਨਵਰੀ ਨੂੰ ਜ਼ਬਰਦਸਤ ਸੀਤ ਲਹਿਰ ਚੱਲੇਗੀ। ਇਸ ਦੇ ਨਾਲ ਹੀ ਮੌਸਮ ਵਿਭਾਗ ਦਾ ਇਹ ਵੀ ਕਹਿਣੈ ਕਿ ਸੂਬੇ ਦੇ ਕਈ ਇਲਾਕਿਆਂ ਵਿਚ ਧੁੱੰਦ ਜਾਂ ਫ਼ਿਰ ਸੰਘਣੀ ਧੁੰਦ ਵੀ ਪੈ ਸਕਦੀ ਹੈ, ਜਿਸ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਤ ਹੋ ਸਕਦਾ ਹੈ।