ਹਾਈਕਮਾਨ ਦਾ ਪੰਜਾਬ ਚ ਕਾਂਗਰਸ ਦੇ ਮੁੱਖਮੰਤਰੀ ਚਿਹਰੇ ਬਾਰੇ ਵੱਡਾ ਐਲਾਨ!

Tags

ਪੰਜਾਬ ਵਿਧਾਨ ਸਭਾ ਦੇ 14 ਫਰਵਰੀ ਨੂੰ ਹੋਣ ਜਾ ਰਹੀਆਂ ਆਮ ਚੋਣਾਂ ’ਚ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਚੱਲ ਰਹੇ ਵਿਵਾਦ ਨੂੰ ਟਾਲਣ ਦੇ ਮਕਸਦ ਨਾਲ ਕਾਂਗਰਸ ਹਾਈਕਮਾਨ ਨੇ ਰਸਮੀ ਤੌਰ ’ਤੇ ਐਲਾਨ ਕਰ ਦਿੱਤਾ ਹੈ। ਕਾਂਗਰਸ ਹਾਈਕਮਾਨ ਅਨੁਸਾਰ ਵਿਧਾਨ ਸਭਾ ਚੋਣਾਂ ’ਚ ਪੰਜਾਬ ਅੰਦਰ ਕਾਂਗਰਸ ਦਾ ਆਪਣੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਕਾਂਗਰਸ ਕੰਪੇਨ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਨੂੰ ਪਾਰਟੀ ਦੇ ਚਿਹਰੇ ਦੇ ਰੂਪ ’ਚ ਵੋਟਰਾਂ ਦੇ ਸਾਹਮਣੇ ਪੇਸ਼ ਕਰੇਗੀ। ਕਾਂਗਰਸ ’ਚ ਹੁਣ ਤੱਕ ਤਾਂ ਇਹੀ ਚਰਚਾਵਾਂ ਚੱਲ ਰਹੀਆਂ ਸੀ ਕਿ ਕਾਂਗਰਸ ਇਸ ਵਾਰ ਕਿਸ ਨੂੰ ਮੁੱਖ ਮੰਤਰੀ ਦੇ ਚਿਹਰੇ ਦੇ ਰੂਪ ’ਚ ਪੇਸ਼ ਕਰੇਗੀ ਪਰ ਕਾਂਗਰਸ ਲੀਡਰਸ਼ਿਪ ਨੇ ਇਸ ਸੰਬੰਧ ’ਚ ਸਥਿਤੀ ਨੂੰ ਸਪੱਸ਼ਟ ਕਰ ਦਿੱਤਾ ਹੈ। ਕਾਂਗਰਸ ਸਮੂਹਿਕ ਅਗਵਾਈ ਨੂੰ ਲੈ ਕੇ ਜਨਤਾ ’ਚ ਜਾਵੇਗੀ।

ਨਵਜੋਤ ਸਿੰਘ ਸਿੱਧੂ ਕਾਫ਼ੀ ਸਮੇਂ ਤੋਂ ਕਾਂਗਰਸ ਹਾਈਕਮਾਨ ’ਤੇ ਦਬਾਅ ਪਾ ਰਹੇ ਸਨ ਕਿ ਉਨ੍ਹਾਂ ਨੂੰ ਪਾਰਟੀ ਦੇ ਚਿਹਰੇ ਦੇ ਰੂਪ ’ਚ ਪੇਸ਼ ਕੀਤਾ ਜਾਵੇ। ਉਹ ਤਾਂ ਕਈ ਵਾਰ ਜਨਤਕ, ਰੈਲੀਆਂ ’ਚ ਕਹਿ ਚੁੱਕੇ ਸਨ ਕਿ ਕਾਂਗਰਸ ਦੀ ਬਰਾਤ ਤਾਂ ਤਿਆਰ ਹੈ ਪਰ ਲਾੜਾ ਕਿਤੇ ਵਿਖਾਈ ਨਹੀਂ ਦੇ ਰਿਹਾ ਹੈ। ਕਾਂਗਰਸ ਦੇ ਰਾਸ਼ਟਰੀ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਚੋਣਾਂ ਐਲਾਨ ਹੋਣ ਤੋਂ ਬਾਅਦ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਕਾਂਗਰਸ ’ਚ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਕੋਈ ਵਿਵਾਦ ਨਹੀਂ ਹੈ ਅਤੇ ਪਾਰਟੀ ਇਕਜੁੱਟਤਾ ਨਾਲ ਚੋਣ ਜੰਗ ’ਚ ਨਿੱਤਰੇਗੀ। ਸੁਰਜੇਵਾਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਇਹ ਪ੍ਰਥਾ ਰਹੀ ਹੈ ਕਿ ਜੋ ਵੀ ਨੇਤਾ ਮੁੱਖ ਮੰਤਰੀ ਦੇ ਅਹੁਦੇ ’ਤੇ ਬਿਰਾਜਮਾਨ ਹੁੰਦਾ ਹੈ

ਉਹ ਪਾਰਟੀ ਦਾ ਚਿਹਰਾ ਹੁੰਦਾ ਹੈ। ਇਸੇ ਤਰ੍ਹਾਂ ਸੰਗਠਨ ਦਾ ਕੰਮ-ਕਾਜ ਵੇਖ ਰਹੇ ਨਵਜੋਤ ਸਿੱਧੂ ਵੀ ਪਾਰਟੀ ਦਾ ਚਿਹਰਾ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਲੀਡਰਸ਼ਿਪ ਨੇ ਸੁਨੀਲ ਜਾਖੜ ਨੂੰ ਕੰਪੇਨ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਹੈ ਅਤੇ ਇਸ ਤਰ੍ਹਾਂ ਉਹ ਪਾਰਟੀ ਦਾ ਚਿਹਰਾ ਹਨ। ਇਨ੍ਹਾਂ ਤਿੰਨਾਂ ਤੋਂ ਇਲਾਵਾ ਪਾਰਟੀ ਨੂੰ ਮਜ਼ਬੂਤੀ ਦੇਣ ਵਾਲਾ ਹਰ ਨੇਤਾ ਅਤੇ ਵਰਕਰ ਪਾਰਟੀ ਦਾ ਚਿਹਰਾ ਹੈ, ਜੋ ਕਾਂਗਰਸ ਨੂੰ ਮੁੜ ਸੱਤਾ ’ਚ ਲਿਆਉਣਾ ਚਾਹੁੰਦੇ ਹਨ।