ਕਿਸਾਨਾਂ ਲਈ ਮਾੜੀ ਖ਼ਬਰ, ਆਸਾਂ 'ਤੇ ਫਿਰਿਆ ਪਾਣੀ, ਕੈਪਟਨ ਨੇ ਦਿੱਤੇ ਹੁਕਮ!

Tags

ਦੇਸ਼ ਭਰ ਵਿੱਚ ਬਾਰਸ਼ ਦਾ ਕਹਿਰ ਹੈ। ਪੰਜਾਬ ਵਿੱਚ ਵੀ ਬਾਰਸ਼ ਜਾਰੀ ਹੈ। ਤਰਨ ਤਾਰਨ ਜ਼ਿਲ੍ਹੇ ’ਚ ਤਾਂ ਹੜ੍ਹ ਵਾਲੇ ਹਾਲਾਤ ਬਣੇ ਹੋਏ ਹਨ। ਜ਼ਿਲ੍ਹੇ ਵਿੱਚ ਭਾਰੀ ਮੀਂਹ ਤੋਂ ਬਾਅਦ ਕਸੂਰ ਨਾਲੇ ਵਿੱਚ ਆਏ ਹੜ੍ਹ ਕਾਰਨ ਕਈ ਘਰਾਂ ਤੇ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਇਸ ਦੇ ਨਾਲ ਹੀ, ਮੁੱਖ ਮੰਤਰੀ ਨੇ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਹਦਾਇਤ ਜਾਰੀ ਕੀਤੀ ਹੈ ਕਿ ਉਹ ਪਾਣੀ ਦੇ ਨਿਕਾਸ ਲਈ ਤਰਨ ਤਾਰਨ ਦੀ ਪੱਟੀ ਤਹਿਸੀਲ ਦੇ ਖੇਮਕਰਨ ਖੇਤਰ ਦੇ ਕੁਝ ਪਿੰਡਾਂ ਵਿੱਚ ਡਰੇਨੇਜ ਵਿੰਗ ਦੇ ਸੀਨੀਅਰ ਅਧਿਕਾਰੀਆਂ ਦੀ ਇੱਕ ਉੱਚ ਪੱਧਰੀ ਟੀਮ ਤੁਰੰਤ ਭੇਜਣ।

ਇਹ ਜਾਣਕਾਰੀ ਮਿਲਣ 'ਤੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ 24 ਘੰਟਿਆਂ ਦੌਰਾਨ ਜ਼ਿਲ੍ਹੇ ਵਿੱਚ ਭਾਰੀ ਮੀਂਹ ਕਾਰਨ ਹੋਏ ਨੁਕਸਾਨ ਦਾ ਪਤਾ ਲਾਉਣ ਲਈ ਤੁਰੰਤ ਵਿਸ਼ੇਸ਼ ਗਿਰਦਾਵਰੀ ਕਰਵਾਉਣ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਨੇ ਸਨਿੱਚਰਵਾਰ ਨੂੰ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਨੂੰ ਪਿੰਡਾਂ ਵਿੱਚ ਮਕਾਨਾਂ ਤੇ ਫਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਗਿਰਦਵਾਰੀ ਦੇ ਹੁਕਮ ਜਾਰੀ ਕੀਤੇ। ਮੁੱਖ ਮੰਤਰੀ ਨੇ ਟੀਮ ਨੂੰ ਇਹ ਵੀ ਹਦਾਇਤ ਕੀਤੀ ਕਿ ਨਾਜ਼ੁਕ ਖੇਤਰਾਂ ਵਿੱਚ ਪਹਿਲ ਦੇ ਅਧਾਰ ’ਤੇ ਰਾਹਤ ਕਾਰਜ ਕੀਤੇ ਜਾਣੇ ਚਾਹੀਦੇ ਹਨ, ਤਾਂ ਜੋ ਆਉਣ ਵਾਲੇ ਦਿਨਾਂ ਵਿੱਚ ਇਸ ਖੇਤਰ ਵਿੱਚ ਹੋਰ ਮੀਂਹ ਪੈਂਣ ਦੀ ਹਾਲਤ ’ਚ ਨੁਕਸਾਨ ਤੋਂ ਬਚਿਆ ਜਾ ਸਕੇ।

ਉਧਰ, ਰਾਜਧਾਨੀ ਦਿੱਲੀ ਵਿੱਚ ਫਿਲਹਾਲ ਮੀਂਹ ਰੁਕ ਗਿਆ ਹੈ ਪਰ ਨੀਂਵੇਂ ਇਲਾਕਿਆਂ ’ਚ ਪਾਣੀ ਭਰ ਜਾਣ ਕਾਰਨ ਆਮ ਲੋਕਾਂ ਨੂੰ ਡਾਢੀਆਂ ਸਮੱਸਿਆਵਾਂ ਪੇਸ਼ ਆ ਰਹੀਆ ਹਨ। ਮੌਸਮ ਦੀ ਭਵਿੱਖਬਾਣੀ ਕਰਨ ਵਾਲੀ ਏਜੰਸੀ ਸਕਾਈਮੈੱਟ ਅਨੁਸਾਰ, ਮੱਧ ਪ੍ਰਦੇਸ਼ ਦੇ ਪੱਛਮੀ ਹਿੱਸਿਆਂ ਤੇ ਪੂਰਬੀ ਰਾਜਸਥਾਨ ਦੇ ਨਾਲ ਇੱਕ ਚੱਕਰਵਾਤੀ ਦਬਾਅ ਵਾਲਾ ਖੇਤਰ ਬਣਿਆ ਹੋਇਆ ਹੈ। ਮੁੱਖ ਮੰਤਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਹ ਹਦਾਇਤ ਵੀ ਜਾਰੀ ਕੀਤੀ ਹੈ ਕਿ ਉਹ ਭਾਰੀ ਮੀਂਹ ਕਾਰਨ ਪੈਦਾ ਹੋਣ ਵਾਲੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਆਪਣੀਆਂ ਰਾਹਤ ਤੇ ਮੁੜ ਵਸੇਬਾ ਟੀਮਾਂ ਨੂੰ ਤਿਆਰ ਰੱਖਣ।

ਦੂਜੇ ਪਾਸੇ, ਮੌਨਸੂਨ ਇਸ ਵੇਲੇ ਬੀਕਾਨੇਰ, ਕੋਟਾ, ਗੁਣਾ, ਸਿੱਧੀ, ਅੰਬਿਕਾਪੁਰ, ਪੁਰੀ ਵਿੱਚੋਂ ਲੰਘ ਰਿਹਾ ਹੈ ਤੇ ਫਿਰ ਪੂਰਬੀ ਮੱਧ ਬੰਗਾਲ ਦੀ ਖਾੜੀ ਦੇ ਪਾਰ ਦੱਖਣ-ਪੂਰਬ ਵੱਲ ਵਧ ਰਿਹਾ ਹੈ। ਇਹੋ ਕਾਰਨ ਹੈ ਕਿ ਉੱਤਰੀ ਭਾਰਤ ’ਚ ਹਾਲੇ ਹੋਰ ਮੀਂਹ ਪੈਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਅੱਜ ਐਤਵਾਰ ਲਈ ਵੀ ਮੌਸਮ ਵਿਭਾਗ ਵੱਲੋਂ ਦੇਸ਼ ਦੇ ਕਈ ਰਾਜਾਂ ਵਿੱਚ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।