ਆਪ ਅੰਦਰ ਹੋਈ ਵੱਡੀ ਹਿੱਲਜੁਲ, ਮੁੱਖ ਮੰਤਰੀ ਚਿਹਰੇ ਬਾਰੇ ਆਈ ਵੱਡੀ ਖਬਰ ਬਾਹਰ

Tags

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤਾਜ਼ਾ ਕਰਵਾਏ ਸਰਵੇਖਣਾਂ ਵਿੱਚ ਬੇਸ਼ੱਕ ਆਮ ਆਦਮੀ ਪਾਰਟੀ ਦੀ ਝੰਡੀ ਨਜ਼ਰ ਆ ਰਹੀ ਹੈ ਪਰ ਪਾਰਟੀ ਅੰਦਰ ਸਭ ਠੀਕ ਨਹੀਂ ਚੱਲ ਰਿਹਾ। ਇਸ ਦਾ ਮੁੱਖ ਕਾਰਨ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਦੀ ਨਰਾਜ਼ਗੀ ਹੈ। ਦਰਅਸਲ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਦੀ ਕਿਸੇ ਵੱਡੀ ਸ਼ਖ਼ਸੀਅਤ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕਰਨਾ ਚਾਹੁੰਦੇ ਹਨ ਜਿਸ ਉੱਪਰ ਕੋਈ ਸਿਆਸੀ ਦਾਗ ਨਾ ਹੋਵੇ। ਕੇਜਰੀਵਾਲ ਨੇ ਇਸ ਬਾਰੇ ਪਹਿਲਾਂ ਹੀ ਕਿਹਾ ਸੀ ਉਹ ਅਜਿਹਾ ਵਿਅਕਤੀ ਮੁੱਖ ਮੰਤਰੀ ਵਜੋਂ ਪੇਸ਼ ਕਰਨਗੇ ਜਿਸ ਉੱਤੇ ਸਾਰੇ ਪੰਜਾਬੀਆਂ ਨੂੰ ਮਾਣ ਹੋਵੇਗਾ। ਸੂਤਰਾਂ ਮੁਤਾਬਕ ਪਾਰਟੀ ਨੇ ਕਈ ਅਜਿਹੀਆਂ ਵੱਡੀਆਂ ਸ਼ਖ਼ਸੀਅਤਾਂ ਨਾਲ ਰਾਬਤਾ ਵੀ ਕੀਤਾ ਹੈ ਜਿਨ੍ਹਾਂ ਦਾ ਪੰਜਾਬੀਆਂ ਦੇ ਮਨਾਂ ਅੰਦਰ ਚੰਗਾ ਸਤਿਕਾਰ ਹੈ।

ਸੂਤਰਾਂ ਮੁਤਾਬਕ ਭਗਵੰਤ ਮਾਨ ਦੇ ਹਮਾਇਤੀ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁੱਦੇ ਲਈ ਉਮੀਦਵਾਰ ਐਲਾਨਿਆ ਜਾਵੇ ਪਰ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਜੇ ਦੋਚਿੱਤੀ ਵਿੱਚ ਹਨ। ਦੂਜੇ ਪਾਸੇ ਪਾਰਟੀ ਅੰਦਰ ਭਗਵੰਤ ਮਾਨ ਦੇ ਹਮਾਇਤੀ ਕਾਫੀ ਸਰਗਰਮ ਹੋ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਭਗਵੰਤ ਮਾਨ ਪਾਰਟੀ ਨੂੰ ਖੜ੍ਹੀ ਕਰਨ ਲਈ ਕਾਫੀ ਯੋਗਦਾਨ ਪਾਇਆ ਹੈ। ਇਸ ਲਈ ਉਹ ਹੀ ਮੁੱਖ ਮੰਤਰੀ ਦੇ ਅਹੁੱਦੇ ਦਾ ਚਿਹਰਾ ਹੋਣੇ ਚਾਹੀਦੇ ਹਨ। ਉਧਰ, ਪੰਜਾਬ ਦੇ ਕਈ ਲੀਡਰ ਵੀ ਨਹੀਂ ਚਾਹੁੰਦੇ ਕਿ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਉਭਾਰਿਆ ਜਾਵੇ। ਇਸ ਲਈ ਕੇਜਰੀਵਾਲ ਮੁੱਖ ਮੰਤਰੀ ਦੇ ਚਿਹਰੇ ਬਾਰੇ ਐਲਾਨ ਦੇ ਫੈਸਲੇ ਨੂੰ ਅਜੇ ਟਾਲ ਰਹੇ ਹਨ।

ਇਸ ਲਈ ਭਗਵੰਤ ਮਾਨ ਨੇ ਵੀ ਸਰਗਰਮੀ ਵਧਾ ਦਿੱਤੀ ਹੈ। ਉਹ ਆਪਣੇ ਹਮਾਇਤੀਆਂ ਨੂੰ ਮਿਲ ਰਹੇ ਹਨ। ਇਸ ਦੌਰਾਨ ਉਨ੍ਹਾਂ ਦੇ ਹਮਾਇਤੀਆਂ ਵੱਲੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਉਭਾਰਨ ਲਈ ਦਬਾਅ ਬਣਾਇਆ ਜਾ ਰਿਹਾ ਹੈ। ਬੀਜੇਪੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਜਿੱਥੇ ਖੇਤੀ ਕਾਨੂੰਨਾਂ ਕਰਕੇ ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਅੰਦਰੂਨੀ ਕਲੇਸ਼ ਨੇ ਘੇਰਿਆ ਹੋਇਆ ਹੈ। ਅਜਿਹੇ ਵਿੱਚ ਸਿਆਸੀ ਮਾਹਿਰ ਵੀ ਕਿਸੇ ਸਿੱਟੇ ਉੱਪਰ ਪਹੁੰਚਣ ਵਿੱਚ ਅਸਰਥ ਨਜ਼ਰ ਆ ਰਹੇ ਹਨ। ਦਿਲਚਸਪ ਹੈ ਕਿ ਕਿਸਾਨ ਅੰਦੋਲਨ ਕਰਕੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਹਾਲਾਤ ਠੀਕ ਨਹੀਂ।