ਕੱਲ੍ਹ 17 ਸਤੰਬਰ ਨੂੰ ਕਾਲਾ ਦਿਨ! ਆਖਰ ਕਿਉਂ?

Tags

ਆਮ ਆਦਮੀ ਪਾਰਟੀ (ਆਪ) ਪੰਜਾਬ 17 ਸਤੰਬਰ ਨੂੰ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ’ਚ ਸ਼ਹੀਦ ਹੋਏ ਕਿਸਾਨਾਂ ਦੀ ਯਾਦ ਵਿੱਚ ਸੂਬਾ ਭਰ ’ਚ ਮੋਮਬੱਤੀ (ਕੈਂਡਲ) ਮਾਰਚ ਕੱਢ ਕੇ ਸ਼ਰਧਾਂਜਲੀ ਦੇਵੇਗੀ। ਆਪ ਵੱਲੋਂ ਸ਼ੁੱਕਰਵਾਰ ਨੂੰ ਪੰਜਾਬ ਭਰ ’ਚ ਕਾਲਾ ਦਿਵਸ ਮਨਾਇਆ ਜਾਵੇਗਾ ਅਤੇ ਪਾਰਟੀ ਵਰਕਰ ਕਾਲੀਆਂ ਪੱਟੀਆਂ ਬੰਨ ਕੇ ਮੋਮਬੱਤੀ (ਕੈਂਡਲ) ਮਾਰਚ ਵਿੱਚ ਸ਼ਾਮਲ ਹੋਣਗੇ। ਸੰਧਵਾਂ ਨੇ ਦੋਸ਼ ਲਾਇਆ ਕਿ ਕਿਸਾਨ ਅਤੇ ਗਰੀਬ ਵਿਰੋਧੀ ਕਾਲੇ ਖੇਤੀ ਕਾਨੂੰਨ ਬਣਾਉਣ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਤੇ ਸਮੁੱਚਾ ਬਾਦਲ ਪਰਿਵਾਰ ਜ਼ਿੰਮੇਵਾਰ ਹੈ, ਜਿਨ੍ਹਾਂ ਨੇ ਕਾਲੇ ਕਾਨੂੰਨ ਬਣਾਉਣ ਵਿੱਚ ਨਰਿੰਦਰ ਮੋਦੀ ਸਰਕਾਰ ਦਾ ਸਾਥ ਦਿੱਤਾ ਅਤੇ ਖੇਤੀ, ਕਿਸਾਨ ਅਤੇ ਖੇਤੀ ’ਤੇ ਨਿਰਭਰ ਹੋਰ ਵਰਗਾਂ ਦੀ ਆਰਥਿਕ ਬਰਬਾਦੀ ਦੀ ਇਬਾਰਤ ਲਿਖੀ।

ਉਨ੍ਹਾਂ ਦੱਸਿਆ ਕਿ ਸਾਲ 2020 ਵਿੱਚ 17 ਸਤੰਬਰ ਨੂੰ ਤਿੰਨੇ ਕਾਲੇ ਖੇਤੀ ਕਾਨੂੰਨ ਬਿੱਲ ਲੋਕ ਸਭਾ ਵਿੱਚ ਪਾਸ ਕੀਤੇ ਗਏ ਸਨ। ਇਸ ਲਈ ਇਹ ਦਿਨ ਕਾਲੇ ਦਿਨ ਦੇ ਰੂਪ ਵਿੱਚ ਮਨਾਇਆ ਜਾਵੇਗਾ। ਵੀਰਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਬੁਲਾਰੇ, ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ, ‘ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਥੋਪੇ ਜਾ ਰਹੇ ਤਿੰਨ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਦੇਸ਼ ਭਰ ਦੇ ਕਿਸਾਨਾਂ ਵਿੱਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ ਅਤੇ ਕਿਸਾਨ ਇੱਕ ਸਾਲ ਤੋਂ ਦੇਸ਼ ਭਰ ਵਿੱਚ ਧਰਨਿਆਂ ’ਤੇ ਡਟੇ ਹੋਏ ਕੁਰਬਾਨੀਆਂ ਦੇ ਰਹੇ ਹਨ। ਪਰ ਕੇਂਦਰ ਦੀ ਅੰਨ੍ਹੀ ਤੇ ਬੋਲੀ ਸਰਕਾਰ ਨੂੰ ਨਾ ਕੁੱਝ ਦਿਖਾਈ ਦਿੰਦਾ ਅਤੇ ਨਾ ਸੁਣਾਈ ਦਿੰਦਾ। ਇਸ ਲਈ ਕਿਸਾਨਾਂ ਨਾਲ ਇੱਕਜੁਟਤਾ ਵਜੋਂ ‘ਆਪ’ 17 ਸਤੰਬਰ ਨੂੰ ਮੋਮਬੱਤੀ ਮਾਰਚ ਕੱਢੇਗੀ।’