ਕੈਨੇਡਾ ਪੱਕੇ ਹੋਣ ਦੇ ਚਾਹਵਾਨਾਂ ਲਈ ਵੱਡੀ ਖੁਸ਼ਖਬਰੀ, 26 ਅਕਤੂਬਰ ਤੋਂ ਸ਼ੁਰੂ ਹੋਈ ਨਵੀਂ ਸਕੀਮ

Tags

ਪੰਜਾਬੀਆਂ ਵਿੱਚ ਹਰਮਨ ਪਿਆਰੇ ਕੈਨੇਡਾ ਦੇ ਸੂਬੇ ਅਲਬਰਟਾ ਦੀ ਸਰਕਾਰ ਨੇ ਕੌਮਾਂਤਰੀ ਵਿਦਿਆਰਥੀਆਂ ਨੂੰ ਪੱਕੇ ਤੌਰ ’ਤੇ ਵੱਸਣ ਦੀ ਪ੍ਰਵਾਨਗੀ ਦੇਣ ਲਈ ਦੋ ਨਵੇਂ ਤਰੀਕੇ ਲਾਂਚ ਕੀਤੇ ਹਨ। ‘ਅਲਬਰਟਾ ਇਮੀਗ੍ਰੈਂਟ ਨੌਮਿਨੀ ਪ੍ਰੋਗਰਾਮ’ (AINP) ਦੇ ਇਸ ਨਵੇਂ ਪ੍ਰੋਗਰਾਮ ਅਨੁਸਾਰ ਕੌਮਾਂਤਰੀ ਗ੍ਰੈਜੂਏਟਸ ਅਲਬਰਟਾ ਵਿੱਚ ਹੁਣ ਆਪਣਾ ਕਾਰੋਬਾਰ ਖੋਲ੍ਹ ਕੇ ਸਥਾਨਕ ਨਿਵਾਸੀਆਂ ਨੂੰ ਰੋਜ਼ਗਾਰ ਦੇ ਸਕਦੇ ਹਨ। ਕੈਨੇਡੀਅਨ ਸੂਬੇ ਮੈਨੀਟੋਬਾ ਦੀ ਰਾਜਧਾਨੀ ਵਿਨੀਪੈੱਗ ਸਥਿਤ ‘ਜੌਲੀ ਪ੍ਰੋਫ਼ੈਸ਼ਨਲ ਲਾੱਅ ਕਾਰਪੋਰੇਸ਼ਨ’ ਦੇ ਬੈਰਿਸਟਰ/ਸੌਲੀਸਿਟਰ ਅਵਨੀਸ਼ ਜੌਲੀ ਨੇ ਇਸ ਨਵੇਂ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਦਿਆਂ ਅੱਗੇ ਦੱਸਿਆ ਕਿ ਅਜਿਹੇ ਵਿਦਿਆਰਥੀਆਂ ਨੂੰ ਪਹਿਲਾਂ ਆਪਣੀ ਇੱਛਾ ਦਾ ਇਜ਼ਹਾਰ ਅਲਬਰਟਾ ਸੂਬੇ ਦੀ ਸਰਕਾਰੀ ਇਮੀਗ੍ਰੇਸ਼ਨ ਵੈੱਬਸਾਈਟ ਉੱਤੇ ਕਰਨਾ ਹੋਵੇਗਾ।

ਫਿਰ AINP ਉਨ੍ਹਾਂ ਵੱਲੋਂ ਭਰੇ ਗਏ ਵੇਰਵਿਆਂ ਦੀ ਪੂਰੀ ਤਰ੍ਹਾਂ ਜਾਂਚ ਕਰ ਕੇ ਉਨ੍ਹਾਂ ਨੂੰ ਮਨਜ਼ੂਰੀ ਦੇਵੇਗਾ। ਜਿਹੜੇ ਵਿਦਿਆਰਥੀਆਂ ਨੂੰ ਸੱਦਾ ਮਿਲੇਗਾ, ਉਹੀ ਤਦ AINP ਪੋਰਟਲ ਤੱਕ ਪਹੁੰਚ ਕਰਨ ਦੇ ਯੋਗ ਹੋਣਗੇ। ‘ਇੰਟਰਨੈਸ਼ਨਲ ਗ੍ਰੈਜੂਏਟ ਐਂਟ੍ਰੀਪ੍ਰਿਨਿਯੋਰ ਇਮੀਗ੍ਰੇਸ਼ਨ ਸਟ੍ਰੀਮ’ 26 ਅਕਤੂਬਰ ਤੋਂ ਸ਼ੁਰੂ ਹੋ ਗਈ ਹੈ। ਇਹ ਸਕੀਮ ਉਨ੍ਹਾਂ ਵਿਦਿਆਰਥੀਆਂ ਲਈ ਹੈ, ਜਿਨ੍ਹਾਂ ਨੇ ਹਾਲ ਹੀ ਵਿੱਚ ਅਲਬਰਟਾ ਦੇ ਕਿਸੇ ਪੋਸਟ ਸੈਕੰਡਰੀ ਸੰਸਥਾਨ ਤੋਂ ਗ੍ਰੈਜੂਏਸ਼ਨ ਕੀਤੀ ਹੈ। ਚੰਡੀਗੜ੍ਹ ਤੋਂ ਜਾ ਕੇ ਕੈਨੇਡਾ ਵੱਸੇ ਅਵਨੀਸ਼ ਜੌਲੀ ਨੇ ਅੱਗੇ ਦੱਸਿਆ ਕਿ ਚੁਣੇ ਗਏ ਵਿਦਿਆਰਥੀ ਉਮੀਦਵਾਰਾਂ ਨੂੰ ਅਲਬਰਟਾ ’ਚ ਆ ਕੇ ਰਹਿਣਾ ਹੋਵੇਗਾ ਤੇ ਕੋਈ ਕਾਰੋਬਾਰ ਸਥਾਪਤ ਕਰਨਾ ਹੋਵੇਗਾ ਤੇ ਜਾਂ ਪਹਿਲਾਂ ਤੋਂ ਚੱਲਦਾ ਕੋਈ ਕਾਰੋਬਾਰੀ ਅਦਾਰਾ ਖ਼ਰੀਦਣਾ ਹੋਵੇਗਾ।

ਉਸ ਕਾਰੋਬਾਰ ਜਾਂ ਅਦਾਰੇ ਵਿੱਚ ਉਸ ਦੀ ਘੱਟੋ-ਘੱਟ 34 ਫ਼ੀਸਦੀ ਹਿੱਸੇਦਾਰੀ ਜਾਂ ਮਾਲਕੀ ਹੋਣੀ ਜ਼ਰੂਰੀ ਹੈ। ਇਸ ਦੇ ਨਾਲ ਹੀ ਉਹ ਕਾਰੋਬਾਰ ਅਜਿਹਾ ਵੀ ਨਹੀਂ ਹੋਣਾ ਚਾਹੀਦਾ, ਜੋ ਅਲਬਰਟਾ ਦੇ ਅਯੋਗ ਕਾਰੋਬਾਰਾਂ ਦੀ ਸੂਚੀ ਵਿੱਚ ਹੋਵੇ। ਜੌਲੀ ਨੇ ਦੱਸਿਆ ਕਿ ਇਸ ਪ੍ਰੋਗਰਾਮ ਲਈ ਉਮੀਦਵਾਰ ਅੰਗਰੇਜ਼ੀ ਜਾਂ ਫ਼ਰੈਂਚ ਬੋਲਣ ਵਿੱਚ ਮਾਹਿਰ ਹੋਣੇ ਚਾਹੀਦੇ ਹਨ। ਜੇ ਕਿਸੇ ਉਮੀਦਵਾਰ ਦਾ ਕੋਈ ਰਿਸ਼ਤੇਦਾਰ ਪਹਿਲਾਂ ਤੋਂ ਅਲਬਰਟਾ ’ਚ ਰਹਿ ਰਿਹਾ ਹੈ, ਤਾਂ ਉਸ ਨੂੰ ਇਸ ਦਾ ਫ਼ਾਇਦਾ ਹੋ ਸਕਦਾ ਹੈ। ਅਲਬਟਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਅਰਜ਼ੀ ਦੇਣ ਨਾਲ ਕੈਨੇਡਾ ਦੀ ਪੀਆਰ(ਪਰਮਾਨੈਂਟ ਰੈਜ਼ੀਡੈਂਸੀ) ਮਿਲਣ ਦੀ ਗਰੰਟੀ ਨਹੀਂ ਮੰਨ ਲਿਆ ਜਾਣਾ ਚਾਹੀਦਾ। ਇਸ ਦੇ ਨਾਲ ਹੀ ਅਲਬਰਟਾ ਸਰਕਾਰ ਜਨਵਰੀ 2021 ਤੋਂ ਆਪਣੀ ਇੱਕ ‘ਫ਼ਾਰੇਨ ਗ੍ਰੈਜੂਏਟ ਸਟਾਰਟ ਅੱਪ ਵੀਜ਼ਾ ਸਟ੍ਰੀਮ’ ਵੀ ਸ਼ੁਰੂ ਕਰਨ ਜਾ ਰਹੀ ਹੈ। ਇਸ ਪ੍ਰੋਗਰਾਮ ਅਧੀਨ ਅਮਰੀਕਾ ਦੀਆਂ ਯੂਨੀਵਰਸਿਟੀਜ਼ ਤੇ ਕਾਲਜਾਂ ਦੇ ਗ੍ਰੈਜੂਏਟ ਵੀ ਅਲਬਰਟਾ ’ਚ ਜਾ ਕੇ ਆਪਣਾ ਕੋਈ ਕਾਰੋਬਾਰ ਖੋਲ੍ਹਣ ਲਈ ਅਰਜ਼ੀ ਦੇ ਸਕਦੇ ਹਨ।