ਭਾਰੀ ਮੀਂਹ ਦਾ ਵੱਡਾ ਅਲਰਟ, ਕਿਸਾਨਾਂ ਦੇ ਫੇਰ ਸੁੱਕੇ ਸਾਹ!

ਮੌਸਮ ਵਿਭਾਗ ਦੀ ਮੰਨੀਏ ਤਾਂ ਅਗਲੇ ਤਿੰਨ ਦਿਨ ਹਲਕੀ ਤੋਂ ਭਾਰੀ ਬਾਰਸ਼ ਹੋਣ ਦੇ ਸੰਕੇਤ ਹਨ। ਅਗਲੇ 72 ਘੰਟੇ ਮੌਸਮ ਅਜਿਹਾ ਹੀ ਬਣਿਆ ਰਹੇਗਾ। ਹਾਲਾਂਕਿ ਇਸ ਦੌਰਾਨ ਦਿਨ 'ਚ ਧੁੱਪ ਤੇ ਕੁਝ ਹੱਦ ਤਕ ਬੱਦਲ ਦਿਖਾਈ ਦੇਣਗੇ। ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ 35 ਤੋਂ 36 ਡਿਗਰੀ ਤਕ ਰਿਕਾਰਡ ਹੋਇਆ ਹੈ। ਪੰਜਾਬ 'ਚ ਮਾਨਸੂਨ ਦੀ ਬਾਰਸ਼ ਨੇ ਐਤਵਾਰ ਮੁੜ ਕਈ ਜ਼ਿਲ੍ਹਿਆਂ ਵਿੱਚ ਦਸਤਕ ਦਿੱਤੀ। ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ 'ਚ ਬਾਰਸ਼ ਹੋਈ। ਅੰਮ੍ਰਿਤਸਰ 'ਚ 35 ਮਿਲੀਮੀਟਰ, ਜਲੰਧਰ 'ਚ 10 ਮਿਲੀਮੀਟਰ ਬਾਰਸ਼ ਹੋਈ।

ਹਾਲਾਂਕਿ ਪੰਜਾਬ ਦੇ ਮਾਲਵਾ ਖਿੱਤੇ ਦੇ ਕਈ ਜ਼ਿਲ੍ਹਿਆਂ 'ਚ ਬਾਰਸ਼ ਨਹੀਂ ਹੋਈ ਤੇ ਮੌਸਮ ਖੁਸ਼ਗਵਾਰ ਬਣਿਆ ਹੋਇਆ ਜਿਸ ਕਾਰਨ ਗਰਮੀ ਕਹਿਰ ਬਣ ਕੇ ਵਰ੍ਹ ਰਹੀ ਹੈ। ਉਧਰ ਹਿਮਾਚਲ ਤੇ ਹਰਿਆਣਾ 'ਚ ਅਗਲੇ ਚਾਰ ਦਿਨ ਭਾਰੀ ਬਾਰਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ। ਹਿਮਾਚਲ ਦੇ ਸ਼ਿਮਲਾ ਸਮੇਤ ਕਈ ਜ਼ਿਲ੍ਹਿਆਂ 'ਚ ਪਹਿਲੀ ਅਗਸਤ ਤਕ ਬਾਰਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ।