UGC ਨੇ ਵਿਦਿਆਰਥੀਆਂ ਲਈ ਕਰਤਾ ਵੱਡਾ ਐਲਾਨ, ਏਕ ਕਾਮ ਦੋ ਕਾਜ

ਵਿਦਿਆਰਥੀ ਛੇਤੀ ਹੀ ਇੱਕਠੇ ਦੋ ਡਿਗਰੀ ਕੋਰਸ ਕਰ ਸਕਣਗੇ। ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ ਇਸ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਦੱਸ ਦੇਈਏ ਕਿ ਯੂਜੀਸੀ ਨੇ ਪਿਛਲੇ ਸਾਲ ਉਪ ਪ੍ਰਧਾਨ ਭੂਸ਼ਣ ਪਟਵਰਧਨ ਦੀ ਅਗਵਾਈ ਹੇਠ ਇੱਕ ਕਮੇਟੀ ਦਾ ਗਠਨ ਕੀਤਾ ਸੀ ਤਾਂ ਜੋ ਇੱਕ ਯੂਨੀਵਰਸਿਟੀ ਜਾਂ ਵੱਖ-ਵੱਖ ਯੂਨੀਵਰਸਿਟੀਆਂ ਤੋਂ ਆਨਲਾਈਨ ਸਿਸਟਮ ਨਾਲ ਦੋ ਡਿਗਰੀਆਂ ਇਕੱਠੇ ਪ੍ਰਾਪਤ ਕਰਨ ਦੇ ਪ੍ਰਸਤਾਵ 'ਤੇ ਵਿਚਾਰ ਕੀਤਾ ਜਾ ਸਕੇ।

ਅਧਿਕਾਰੀਆਂ ਨੇ ਕਿਹਾ ਕਿ ਹਾਲਾਂਕਿ ਦੋਵਾਂ ਡਿਗਰੀਆਂ ਨੂੰ ਵਿਦਿਆਰਥੀਆਂ ਨੂੰ ਵੱਖ-ਵੱਖ ਤਰੀਕਿਆਂ ਨਾਲ ਪੂਰਾ ਕਰਨਾ ਹੋਵੇਗਾ, ਜਿਸ 'ਚ ਇੱਕ ਰੈਗੁਲਰ ਮੋਡ ਤੇ ਦੂਜਾ ਡਿਸਟੈਂਸ ਲਰਨਿੰਗ ਮੋਡ ਰਾਹੀਂ ਕੀਤਾ ਜਾ ਸਕਦਾ ਹੈ। ਹਾਲਾਂਕਿ, ਯੂਜੀਸੀ ਨੇ ਇਸ ਤੋਂ ਪਹਿਲਾਂ ਸਾਲ 2012 'ਚ ਇੱਕ ਕਮੇਟੀ ਦਾ ਗਠਨ ਕੀਤਾ ਸੀ ਅਤੇ ਇਸ ਵਿਸ਼ੇ 'ਤੇ ਵਿਚਾਰ ਕਰਨ ਲਈ ਕਿਹਾ ਗਿਆ ਸੀ। ਕਮੇਟੀ ਨੇ ਇਸ ਵਿਸ਼ੇ 'ਤੇ ਵਿਆਪਕ ਤੌਰ 'ਤੇ ਵਿਚਾਰ-ਵਟਾਂਦਰਾ ਕੀਤਾ ਸੀ ਪਰ ਪ੍ਰਸਤਾਵ (ਦੋ ਡਿਗਰੀ ਇੱਕੋ ਸਮੇਂ ਕਰਨ ਲਈ) ਨੂੰ ਪੂਰਾ ਨਹੀਂ ਕੀਤਾ ਜਾ ਸਕਿਆ ਸੀ।

ਯੂਜੀਸੀ ਦੇ ਸਕੱਤਰ ਰਜਨੀਸ਼ ਜੈਨ ਨੇ ਕਿਹਾ, "ਹਾਲ ਹੀ ਵਿੱਚ ਹੋਈ ਇੱਕ ਕਮਿਸ਼ਨ ਦੀ ਮੀਟਿੰਗ 'ਚ ਇਸ ਮਤੇ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਸ ਨਾਲ ਭਾਰਤ 'ਚ ਵਿਦਿਆਰਥੀਆਂ ਨੂੰ ਦੋਹਰੀ ਡਿਗਰੀ ਇੱਕੋ ਸਮੇਂ ਪੂਰਾ ਕਰਨ ਦਾ ਰਾਹ ਪੱਧਰਾ ਹੋ ਗਿਆ ਹੈ।" ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਇੱਕੋ ਸਮੇਂ 'ਚ ਦੋ ਡਿਗਰੀ ਬਰਾਬਰ ਸਟ੍ਰੀਮ 'ਚ ਜਾਂ ਵੱਖ-ਵੱਖ ਸਟ੍ਰੀਮ 'ਚ ਕਰਨ ਦੀ ਸਹੂਲਤ ਹੋਵੇਗੀ। ਜੈਨ ਨੇ ਕਿਹਾ ਕਿ ਇਨ੍ਹਾਂ ਦੋਵਾਂ ਵਿੱਚੋਂ ਇੱਕ ਡਿਗਰੀ ਨੂੰ ਰੈਗੁਲਰ ਰੂਪ 'ਚ ਅਤੇ ਦੂਜੀ ਆਨਲਾਈਨ ਡਿਸਟੈਂਸ ਮੋਡ ਨਾਲ ਪੂਰਾ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਅਧਿਕਾਰਤ ਨੋਟੀਫਿਕੇਸ਼ਨ ਛੇਤੀ ਜਾਰੀ ਕਰ ਦਿੱਤਾ ਜਾਵੇਗਾ।