ਜਲਦ ਹੀ ਮਿਲ ਜਾਵੇਗੀ ਕੋਰੋਨਾ ਦੀ ਵੈਕਸੀਨ, ਪਰ ਚਾਹੀਦੀ ਹੈ ਇਹ ਚੀਜ਼

Tags

ਵਰਲਡ ਹੈਲਥ ਆਰਗੇਨਾਈਜ਼ੇਸ਼ਨ (WHO) ਦਾ ਕਹਿਣਾ ਹੈ ਕਿ ਵੈਕਸੀਨ (vaccine) ਨੂੰ ਤੈਅ ਸਮੇਂ ਤੋਂ ਪਹਿਲਾਂ ਬਣਾਉਣ ‘ਚ ਕਾਮਯਾਬੀ ਮਿਲ ਸਕਦੀ ਹੈ। ਇਹ ਜਾਣਕਾਰੀ ਡਬਲਯੂਐਚਓ ਦੇ ਡਾਇਰੈਕਟਰ ਜਨਰਲ ਟੇਡਰੋਸ ਐਡਨੋਮ ਨੇ ਸੋਮਵਾਰ ਨੂੰ ਸੰਯੁਕਤ ਰਾਸ਼ਟਰ ਦੀ ਆਰਥਿਕ ਤੇ ਸਮਾਜਿਕ ਕੌਂਸਲ ਨੂੰ ਦਿੱਤੀ। ਐਡਨੋਮ ਨੇ ਅੱਗੇ ਕਿਹਾ, "ਦੋ ਮਹੀਨੇ ਪਹਿਲਾਂ ਅਸੀਂ ਅਨੁਮਾਨ ਲਗਾਇਆ ਸੀ ਕਿ ਇਹ ਟੀਕਾ ਬਣਾਉਣ ‘ਚ 12 ਤੋਂ 18 ਮਹੀਨੇ ਲੱਗ ਸਕਦੇ ਹਨ ਪਰ ਹੁਣ ਅਜਿਹਾ ਲੱਗਦਾ ਹੈ ਕਿ ਇਹ ਸਮੇਂ ਤੋਂ ਪਹਿਲਾਂ ਹੀ ਬਣ ਜਾਵੇਗਾ।"

" ਵੈਕਸੀਨ ‘ਤੇ ਤੇਜ਼ੀ ਨਾਲ ਕੰਮ ਹੋ ਰਿਹਾ ਹੈ। ਦੁਨੀਆ ਭਰ ਵਿਚ ਇਸ ‘ਤੇ ਲਗਪਗ 100 ਟੀਮਾਂ ਕੰਮ ਕਰ ਰਹੀਆਂ ਹਨ। ਇਨ੍ਹਾਂ ਵਿੱਚੋਂ ਕੁੱਲ 7 ਤੋਂ 8 ਟੀਮਾਂ ਵੈਕਸੀਨ ਬਣਾਉਣ ਦੇ ਬਹੁਤ ਨੇੜੇ ਹਨ। ਦੁਨੀਆਂ ਨੂੰ ਜਲਦੀ ਖੁਸ਼ਖਬਰੀ ਮਿਲ ਸਕਦੀ ਹੈ। "-ਟੇਡਰੋਸ ਐਡਨੋਮ, WHO ਡਾਇਰੈਕਟਰ ਜਨਰਲ। WHO ਨੇ ਵੈਕਸੀਨ ਦੀ ਖੋਜ ਤੇ ਉਤਪਾਦਨ ਲਈ ਫੰਡਾਂ ਦੀ ਘਾਟ ਦੀ ਗੱਲ ਵੀ ਕੀਤੀ ਹੈ। WHO ਦੇ ਚੀਫ ਨੇ ਕਿਹਾ, ਖੋਜ ਲਈ ਲਗਪਗ 8 ਬਿਲੀਅਨ ਡਾਲਰ ਇਕੱਠੇ ਕੀਤੇ ਗਏ ਹਨ ਪਰ ਇਹ 8 ਬਿਲੀਅਨ ਡਾਲਰ ਕਾਫ਼ੀ ਨਹੀਂ, ਸਾਨੂੰ ਹੋਰ ਮਦਦ ਚਾਹੀਦੀ ਹੈ। ਜੇ ਮਦਦ ਉਪਲਬਧ ਨਹੀਂ ਮਿਲੀ, ਤਾਂ ਟੀਕਾ ਬਣਾਉਣ ਵਿੱਚ ਦੇਰੀ ਹੋਵੇਗੀ।

ਉਨ੍ਹਾਂ ਇਹ ਵੀ ਕਿਹਾ ਕਿ ਕੋਰੋਨਾ ਵੈਕਸੀਨ ਬਣਨ ਤੋਂ ਬਾਅਦ ਇਸ ਨੂੰ ਹਰ ਦੇਸ਼ ਵਿੱਚ ਪਹੁੰਚਾਇਆ ਜਾਵੇਗਾ। ਇਹ ਨਹੀਂ ਹੋਵੇਗਾ ਕਿ ਇਹ ਕੁਝ ਲੋਕਾਂ ਤਕ ਹੀ ਸੀਮਤ ਰਹੇਗੀ। ਹਾਲਾਂਕਿ, ਡਬਲਯੂਐਚਓ ਨੇ ਇਨ੍ਹਾਂ ਟੀਮਾਂ ਜਾਂ ਦੇਸ਼ਾਂ ਦੇ ਨਾਂ ਜ਼ਾਹਰ ਨਹੀਂ ਕੀਤੇ, ਜੋ ਵੈਕਸੀਨ ਬਣਾਉਣ ਦੇ ਬਹੁਤ ਨੇੜੇ ਆ ਗਈਆਂ ਹਨ। ਟੇਡਰੋਸ ਨੇ ਕਿਹਾ ਕਿ ਬਗੈਰ ਵੈਕਸੀਨ ਕੋਰੋਨਾ ਨਾਲ ਲੜਨਾ ਆਸਾਨ ਨਹੀਂ ਹੋਏਗਾ। ਅਸੀਂ ਉਸ ਦੇ ਸਾਹਮਣੇ ਕਮਜ਼ੋਰ ਰਹਾਂਗੇ। ਕੋਰੋਨਾ ਨੇ ਸਾਰੇ ਦੇਸ਼ਾਂ ਨੂੰ ਸਿਖਾਇਆ ਹੈ ਕਿ ਇੱਕ ਮਜ਼ਬੂਤ ਸਿਹਤ ਸੰਭਾਲ ਪ੍ਰਣਾਲੀ ਕਿੰਨੀ ਜ਼ਰੂਰੀ ਹੈ।