ਦੇਸ਼ ‘ਚ ਅੱਜ ਤੋਂ ਚੱਲਣਗੀਆਂ ਟਰੇਨਾਂ, ਪੰਜਾਬ ਵਿੱਚ ਆਏਗੀ ਇਹ ਟਰੇਨ

Tags

ਕੋਰੋਨਾ ਲੌਕਡਾਊਨ ਵਿਚਕਾਰ ਭਾਰਤੀ ਰੇਲਵੇ ਨੇ ਇੱਕ ਵੱਡਾ ਐਲਾਨ ਕੀਤਾ ਹੈ। 12 ਮਈ ਤੋਂ ਦੇਸ਼ ਦੇ 15 ਮਹੱਤਵਪੂਰਨ ਸ਼ਹਿਰਾਂ ਲਈ ਰੇਲ ਗੱਡੀਆਂ ਚਲਾਉਣ ਦੀ ਤਿਆਰੀ ਹੈ। ਸ਼ੁਰੂਆਤੀ ਪੜਾਅ 'ਚ ਨਵੀਂ ਦਿੱਲੀ ਜੰਕਸ਼ਨ ਤੋਂ ਇਨ੍ਹਾਂ 15 ਸ਼ਹਿਰਾਂ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾਣਗੀਆਂ। ਇਸ ਦੇ ਨਾਲ ਹੀ ਰੇਲਵੇ ਨੇ ਇਹ ਵੀ ਦੱਸਿਆ ਕਿ ਟਿਕਟਾਂ ਦੀ ਬੁਕਿੰਗ ਭਲਕੇ ਸੋਮਵਾਰ ਸ਼ਾਮ 4 ਵਜੇ ਤੋਂ ਸ਼ੁਰੂ ਹੋਵੇਗੀ। ਦੱਸ ਦੇਈਏ ਕਿ ਕੋਰੋਨਾ ਵਾਇਰਸ ਦੇ ਵੱਧ ਰਹੇ ਲਾਗ ਨੂੰ ਰੋਕਣ ਲਈ ਲੌਕਡਾਊਨ ਦੀ ਘੋਸ਼ਣਾ ਦੇ ਨਾਲ ਹੀ ਰੇਲ ਗੱਡੀਆਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਸੀ।

ਰੇਲਵੇ ਦੇ ਇਤਿਹਾਸ 'ਚ ਇਹ ਪਹਿਲਾ ਮੌਕਾ ਸੀ। ਰੇਲਵੇ ਨੇ ਕਿਹਾ ਹੈ ਕਿ ਇਹ ਰੇਲ ਗੱਡੀਆਂ ਸਪੈਸ਼ਲ ਰੇਲ ਗੱਡੀਆਂ ਵਜੋਂ ਚੱਲਣਗੀਆਂ। ਨਵੀਂ ਦਿੱਲੀ ਤੋਂ ਡਿਬਰੂਗੜ੍ਹ, ਅਗਰਤਲਾ, ਹਾਵੜਾ, ਪਟਨਾ, ਬਿਲਾਸਪੁਰ, ਰਾਂਚੀ, ਭੁਵਨੇਸ਼ਵਰ, ਸਿਕੰਦਰਾਬਾਦ, ਬੰਗਲੁਰੂ, ਚੇਨਈ, ਤਿਰੁਵਨੰਤਪੁਰਮ, ਮਡਗਾਂਵ, ਮੁੰਬਈ ਸੈਂਟਰਲ, ਅਹਿਮਦਾਬਾਦ ਅਤੇ ਜੰਮੂ ਤਵੀ ਲਈ ਰੇਲ ਗੱਡੀਆਂ ਚੱਲਣਗੀਆਂ। ਹਾਲਾਂਕਿ ਅਜੇ ਤੱਕ ਪੰਜਾਬ ਲਈ ਕੋਈ ਵੀ ਸਪੈਂਸ਼ਲ ਟਰੇਨ ਨਹੀਂ ਹੈ ਪਰ ਦਿੱਲੀ ਤੋਂ ਚੱਲਣ ਵਾਲੀ ਜੰਮੂ ਤਵੀ ਪੰਜਾਬ ਦੇ ਕਈ ਇਲਾਕਿਆਂ ਵਿੱਚੋਂ ਲੰਘੇਗੀ।

ਬਿਆਨ ਦੇ ਅਨੁਸਾਰ ਰੇਲਵੇ COVID-19 ਕੇਅਰ ਸੈਂਟਰਾਂ ਲਈ 20,000 ਕੋਚਾਂ ਨੂੰ ਰਿਜ਼ਰਵ ਕਰਨ ਤੋਂ ਬਾਅਦ ਉਪਲੱਬਧ ਕੋਚਾਂ ਦੇ ਅਧਾਰ 'ਤੇ ਨਵੇਂ ਰੂਟਾਂ 'ਤੇ ਵੱਧ ਵਿਸ਼ੇਸ਼ ਸੇਵਾਵਾਂ ਦੀ ਸ਼ੁਰੂਆਤ ਕਰੇਗਾ ਅਤੇ ਵੱਡੀ ਗਿਣਤੀ 'ਚ ਕੋਚਾਂ ਨੂੰ 'ਲੇਬਰ ਸਪੈਸ਼ਲ' ਵਜੋਂ ਰੋਜ਼ਾਨਾ 300 ਟਰੇਨਾਂ ਦਾ ਸੰਚਾਲਨ ਕਰਨ ਲਈ ਰਾਖਵੀਆਂ ਕੀਤੀਆਂ ਜਾਣਗੀਆਂ। ਇਨ੍ਹਾਂ ਰੇਲ ਗੱਡੀਆਂ ਵਿੱਚ ਰਿਜ਼ਰਵੇਸ਼ਨ ਲਈ ਬੁਕਿੰਗ 11 ਮਈ ਨੂੰ ਸ਼ਾਮ 4 ਵਜੇ ਤੋਂ ਸ਼ੁਰੂ ਹੋਵੇਗੀ।

ਇਹ ਸੇਵਾ ਸਿਰਫ ਆਈਆਰਸੀਟੀਸੀ ਦੀ ਵੈਬਸਾਈਟ (www.irctc.co.in) 'ਤੇ ਉਪਲੱਬਧ ਹੈ। ਰੇਲਵੇ ਸਟੇਸ਼ਨਾਂ 'ਤੇ ਟਿਕਟ ਬੁਕਿੰਗ ਕਾਊਂਟਰ ਬੰਦ ਰਹਿਣਗੇ ਅਤੇ ਕੋਈ ਕਾਊਂਟਰ ਟਿਕਟਾਂ (ਪਲੇਟਫਾਰਮ ਟਿਕਟਾਂ ਸਮੇਤ) ਜਾਰੀ ਨਹੀਂ ਕੀਤੀਆਂ ਜਾਣਗੀਆਂ। ਸਿਰਫ਼ ਕਨਫ਼ਰਮ ਟਿਕਟਾਂ ਵਾਲੇ ਯਾਤਰੀਆਂ ਨੂੰ ਹੀ ਰੇਲਵੇ ਸਟੇਸ਼ਨਾਂ 'ਚ ਦਾਖਲ ਹੋਣ ਦੀ ਮਨਜੂਰੀ ਹੋਵੇਗੀ। ਯਾਤਰੀਆਂ ਨੂੰ ਮੂੰਹ ਢੱਕਣਾ ਲਾਜ਼ਮੀ ਹੈ ਅਤੇ ਰਵਾਨਗੀ ਸਮੇਂ ਸਕ੍ਰੀਨਿੰਗ 'ਚੋਂ ਗੁਜਰਨਾ ਹੋਵੇਗਾ।