ਪੰਜਾਬ ਦਾ ਇਹ ਸਭ ਤੋਂ ਪਹਿਲਾ ਪਿੰਡ ਹੋਇਆ ਕੋਰੋਨਾ ਮੁਕਤ

Tags

ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਵਿਨੈ ਬਬਲਾਨੀ ਵੱਲੋਂ ਕੋਵਿਡ-19 ਦੇ ਕੇਸ ਸਾਹਮਣੇ ਆਉਣ ਬਾਅਦ ਸਬੰਧਤ ਪਿੰਡਾਂ ਨੂੰ ‘ਕੰਨਟੇਨਮੈਂਟ ਪਲਾਨ’ ਅਧੀਨ ਲਿਆ ਕੇ ਸੀਲ ਕੀਤੇ ਜਾਣ ਬਾਅਦ ਅੱਜ ਵੱਡੀ ਰਾਹਤ ਦਿੰਦਿਆਂ ਬੰਗਾ ਸਬ ਡਵੀਜ਼ਨ ਦੇ ਪਿੰਡ ‘ਲਧਾਣਾ ਝਿੱਕਾ’ ਨੂੰ ਪਾਬੰਦੀਆਂ ਤੋਂ ਮੁਕਤ ਕਰਨ ਦਾ ਐਲਾਨ ਕਰ ਦਿੱਤਾ ਗਿਆ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਪਿੰਡ ਨੂੰ 22 ਮਾਰਚ ਨੂੰ ਪਿੰਡ ਦੇ ਇੱਕ ਵਿਅਕਤੀ ਦੇ ਕੋਵਿਡ ਪਾਜ਼ੇਟਿਵ ਆਉਣ ਬਾਅਦ ‘ਕੰਨਟੇਨਮੈਂਟ ਪਲਾਨ’ ਅਧੀਨ ਲਿਆ ਕੇ ਕੋਵਿਡ ਮਾਮਲਿਆਂ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਸੀਲ ਕੀਤਾ ਗਿਆ ਸੀ।

ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਪਿੰਡ ਲਧਾਣਾ ਝਿੱਕਾ ਸਭ ਤੋਂ ਪਹਿਲਾਂ ਪੰਜਾਬ 'ਚ ਕੋਰੋਨਾ ਮੁਕਤ ਐਲਾਨਿਆ ਗਿਆ । ਇਸ ਪਿੰਡ ਨੂੰ 22 ਮਾਰਚ ਨੂੰ ਗਿਆਨੀ ਦਲਜਿੰਦਰ ਸਿੰਘ ਦੇ ਕੋਰੋਨਾ ਵਾਇਰਸ ਕੇਸ ਪਾਜ਼ੀਟਿਵ ਆਉਣ ਕਾਰਨ ਸੀਲ ਕਰ ਦਿੱਤਾ ਗਿਆ ਸੀ। ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਲਗਾਤਾਰ ਪਿੰਡ 'ਚ ਕੋਰੋਨਾ ਵਾਇਰਸ ਦੇ ਸੈਂਪਲ ਲਏ ਗਏ ਪਰ ਕੋਈ ਵੀ ਸੈਂਪਲ ਪਾਜ਼ੀਟਿਵ ਨਹੀਂ ਪਾਇਆ ਗਿਆ। ਡਿਪਟੀ ਕਮਿਸ਼ਨਰ ਅਨੁਸਾਰ ਸਿਹਤ ਵਿਭਾਗ ਦੇ ਪ੍ਰੋਟੋਕਾਲ ਮੁਤਾਬਕ ਜਦੋਂ ਕਿਸੇ ਪਿੰਡ ’ਚ ਇੱਕ ਵੀ ਮਾਮਲਾ ਕੋਵਿਡ ਦੇ ਪੀੜਤ ਦਾ ਸਾਹਮਣੇ ਆਉਂਦਾ ਹੈ ਤਾਂ ਉਸ ਪਿੰਡ ਨੂੰ ਸੀਲ ਕਰਕੇ ਲੋਕਾਂ ਦੀਆਂ ਗਤੀਵਿਧੀਆਂ ਨੂੰ ਸੀਮਤ ਕਰ ਦਿੱਤਾ ਜਾਂਦਾ ਹੈ ਤਾਂ ਜੋ ਬਿਮਾਰੀ ਹੋਰਾਂ ਲੋਕਾਂ ’ਚ ਨਾ ਫੈਲੇ।

ਪਿੰਡ ’ਚ ਸਕੂਲ, ਦਫ਼ਤਰ ਤੇ ਲੋਕਾਂ ਦੇ ਇਕੱਠ ਨੂੰ ਰੋਕ ਦਿੱਤਾ ਜਾਂਦਾ ਹੈ ਅਤੇ ਵਾਹਨਾਂ ਦੀ ਗਤੀਵਿਧੀ (ਸਰਕਾਰੀ ਤੇ ਮੈਡੀਕਲ ਸੇਵਾਵਾਂ ਨੂੰ ਛੱਡ ਕੇ) ਨੂੰ ਬੰਦ ਕਰ ਦਿੱਤਾ ਜਾਂਦਾ ਹੈ। ਇਸ ਪਿੰਡ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਰੋਨਾ ਮੁਕਤ ਐਲਾਨਿਆ ਗਿਆ। ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਆਖਿਆ ਕਿ ਇਸ ਪਿੰਡ ਵਿੱਚ ਲਗਾਈਆਂ ਗਈਆਂ ਰੋਕਾਂ ਵੀ ਹਟਾ ਦਿੱਤੀਆਂ ਗਈਆਂ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮਹਾਂਮਾਰੀ ਨੂੰ ਰੋਕਣ ਲਈ ਪ੍ਰਸ਼ਾਸਨ ਦਾ ਸਹਿਯੋਗ ਦੇਣ ।