ਪੰਜਾਬ ਸਰਕਾਰ ਵੱਲੋਂ ਅੰਤਰਰਾਜੀ ਅਤੇੇ ਰਾਜ ਅੰਦਰ ਸਮੇਂ-ਸਮੇਂ ’ਤੇੇ ਸਫਰ ਕਰਨ ਵਾਲੇੇ ਲੋਕਾਂ ਨੂੰ ਜ਼ਰੂਰੀ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ ਤਾਂ ਜੋ ਕੋਰੋਨਾ ਵਾਇਰਸ ਤੋਂ ਬਚਾਅ ਕੀਤਾ ਜਾ ਸਕੇ। ਪੰਜਾਬ ਸਰਕਾਰ ਵੱਲੋਂ ਕੋਵਿਡ-19 ਮਹਾਂਮਾਰੀ ਦੌਰਾਨ ਲੋਕਾਂ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਸਾਰੇ 22 ਜ਼ਿਲ੍ਹਿਆਂ ਵਿੱਚ ਕਰਫਿਊ ਲਗਾ ਕੇ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਲੋਕਾਂ ਦੇ ਬਾਹਰ ਘੁੰਮਣ ’ਤੇ ਸਖ਼ਤ ਪਾਬੰਦੀਆਂ ਲਗਾਈਆਂ ਹਨ। ਜਾਰੀ ਕੀਤੀ ਸਲਾਹ ਅਨੁਸਾਰ ਜੇਕਰ ਸੰਭਵ ਹੋਵੇ ਤਾਂ ਲੋਕਾਂ ਨੂੰ ਸਫ਼ਰ ਤੋਂ ਪਰਹੇਜ਼ ਕਰਨ ਦੀ ਅਪੀਲ ਕੀਤੀ ਗਈ ਹੈ।
ਜੇਕਰ ਸਫ਼ਰ ਕਰਨਾ ਜ਼ਰੂਰੀ ਹੋਵੇ ਤਾਂ ਬਿਨਾਂ ਕੰਮ ਤੋਂ ਇਧਰ-ਉਧਰ ਨਾ ਘੁੰਮਿਆ ਜਾਵੇ ਅਤੇ ਗਰੁੱਪਾਂ/ਜ਼ਿਆਦਾ ਗਿਣਤੀ ਵਿੱਚ ਇਕੱਠੇ ਨਾ ਹੋਇਆ ਜਾਵੇ। ਸਫ਼ਰ ਕਰਨ ਵਾਲੇ ਵਿਅਕਤੀ ਵੱਲੋਂ ਸਫ਼ਰ ਤੋਂ ਪਹਿਲਾਂ ਇਹ ਯਕੀਨੀ ਬਣਾਇਆ ਜਾਵੇ ਕਿ ਉਹ ਗ੍ਰਹਿ ਵਿਭਾਗ, ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਛੋਟ ਵਾਲੀ ਕੈਟੇਗਰੀ ਵਿੱਚ ਆਉਂਦੇ ਹਨ ਜਾਂ ਉਨ੍ਹਾਂ ਕੋਲ ਸਫ਼ਰ ਕਰਨ ਲਈ ਜ਼ਰੂਰੀ ਮਨਜ਼ੂਰੀ ਹੈ। ਇਸ ਤੋਂ ਇਲਾਵਾ ਸਫਰ ਕਰ ਰਹੇ ਵਿਅਕਤੀ ਵੱਲੋਂ ਹਰ ਸਮੇਂ ਸਰਕਾਰ ਵੱਲੋਂ ਦੱਸੇ ਗਏ ਆਪਸੀ ਦੂਰੀ ਦੇ ਨਿਯਮਾਂ ਨੂੰ ਧਿਆਨ ਵਿੱਚ ਰੱਖਿਆ ਜਾਵੇ। ਜਿਵੇਂ ਕਿ ਹਰ ਦੂਜੇ ਵਿਅਕਤੀ ਤੋਂ ਘੱਟੋ-ਘੱਟ 1 ਮੀਟਰ ਦੀ ਦੂਰੀ ਬਣਾ ਕੇ ਰੱਖੀ ਜਾਵੇ। ਚਾਰ ਪਹੀਆ ਵਾਹਨਾਂ ਵਿੱਚ ਡਰਾਇਵਰ ਦੇ ਨਾਲ ਸਿਰਫ਼ 2 ਲੋਕਾਂ ਨੂੰ ਸਫਰ ਕਰਨ ਦੀ ਮਨਜ਼ੂਰੀ ਹੈ ਤਾਂ ਜੋ ਉਚਿਤ ਆਪਸੀ ਦੂਰੀ ਯਕੀਨੀ ਬਣਾਈ ਜਾ ਸਕੇ।
ਸਵਾਰੀਆਂ/ਡਰਾਇਵਰ ਵੱਲੋਂ ਘਰੋਂ ਨਿਕਲਣ ਤੋਂ ਪਹਿਲਾਂ ਕੱਪੜੇ ਦਾ ਮਾਸਕ ਪਹਿਨਾ ਲਾਜ਼ਮੀ ਹੈ ਅਤੇ ਘਰ ਵਾਪਸੀ ਤੱਕ ਇਸ ਨੂੰ ਪਹਿਨ ਕੇ ਰੱਖਿਆ ਜਾਵੇ। ਪੂਰੇ ਸਫ਼ਰ ਦੌਰਾਨ ਮਾਸਕ ਪਹਿਨ ਕੇ ਰੱਖਿਆ ਜਾਣਾ ਜ਼ਰੂਰੀ ਹੈ। ਹਾਲਾਂਕਿ ਛੋਟ ਦਿੱਤੀ ਗਈ ਕੈਟੇਗਰੀ ਦੇ ਮਾਮਲੇ ਵਿੱਚ ਵੀ ਸਫ਼ਰ ਕਰਨ ਵਾਲੇ ਵਿਅਕਤੀ ਕੋਲ ਸਰਕਾਰ ਵੱਲੋਂ ਦੱਸੇ ਗਏ ਜ਼ਰੂਰੀ ਦਸਤਾਵੇਜ਼ ਹਰ ਸਮੇਂ ਤਿਆਰ ਹੋਣੇ ਚਾਹੀਦੇ ਹਨ। ਬੁਖ਼ਾਰ/ਜੁਕਾਮ/ਖੰਘ/ਸਾਹ ਲੈਣ ਵਿੱਚ ਤਕਲੀਫ ਹੋਵੇ ਤਾਂ ਸਫਰ ਕਰਨ ਤੋਂ ਪਰਹੇਜ਼ ਕੀਤਾ ਜਾਵੇ। ਅਜਿਹੇ ਵਿਅਕਤੀ ਵੱਲੋਂ ਤੁਰੰਤ ਨਜ਼ਦੀਕੀ ਸਿਹਤ ਸੁਵਿਧਾ ਨਾਲ ਸੰਪਰਕ ਕੀਤਾ ਜਾਵੇ। ਇਕ ਅਹਿਮ ਸਲਾਹ ਇਹ ਹੈ ਕਿ ਵਾਹਨ ਵਿੱਚ ਇੱਕ ਖਿੜਕੀ ਖੁੱਲ੍ਹੀ ਰੱਖ ਕੇ ਏਅਰ ਕੰਡੀਸ਼ਨਰ ਦੀ ਵਰਤੋਂ ਕੀਤੀ ਜਾਵੇ ਤਾਂ ਜੋ ਉਪਯੁਕਤ ਬਾਹਰੀ ਹਵਾ ਦੇ ਬਹਾਵ ਨੂੰ ਯਕੀਨੀ ਬਣਾਇਆ ਜਾ ਸਕੇ। ਸਫਰ/ਠਹਿਰਾਅ ਦੌਰਾਨ ਸਿਗਰਟਨੋਸ਼ੀ ਜਾਂ ਤੰਬਾਕੂ ਆਧਾਰਤ ਚੀਜ਼ਾਂ ਜਿਵੇਂ ਕਿ ਗੁਟਕਾ, ਪਾਨ ਮਸਾਲਾ ਆਦਿ ਦਾ ਸੇਵਨ ਨਾ ਕੀਤਾ ਜਾਵੇ।
ਇਹ ਵਾਰ-ਵਾਰ ਦੱਸਿਆ ਜਾ ਰਿਹਾ ਹੈ ਕਿ ਜੇਕਰ ਕਿਸੇ ਨੂੰ ਵੀ ਖੰਘ/ਛਿੱਕਾਂ ਆ ਰਹੀਆਂ ਹਨ ਤਾਂ ਰੁਮਾਲ ਨਾਲ ਮੂੰਹ ਅਤੇ ਨੱਕ ਨੂੰ ਢੱਕਿਆ ਜਾਵੇ। ਜੇਕਰ ਉਸ ਕੋਲ ਰੁਮਾਲ ਨਹੀਂ ਹੈ ਤਾਂ ਮੂੰਹ ਅਤੇ ਨੱਕ ਨੂੰ ਆਪਣੀ ਕੂਹਣੀ ਨਾਲ ਢੱਕਣਾ ਚਾਹੀਦਾ ਹੈ। ਡਰਾਈਵਰ/ ਸਹਾਇਕ ਆਪਣੇ ਚਿਹਰੇ, ਮੂੰਹ, ਨੱਕ ਅਤੇ ਅੱਖਾਂ ਨੂੰ ਹੱਥਾਂ ਨਾਲ ਨਾ ਛੂਹਣ। ਖੁੱਲੇ੍ਹ ਵਿੱਚ ਥੁੱਕਣ ਤੋਂ ਬਚਿਆ ਜਾਵੇ। ਡਰਾਇਵਰ ਅਤੇ ਸਵਾਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਇੱਕ ਦੂਜੇ ਨਾਲ ਹੱਥ ਨਾ ਮਿਲਾਉਣ ਅਤੇ ਨਾ ਹੀ ਗਲੇ ਮਿਲਣ। ਜਦੋਂ ਵੀ ਮੌਕਾ ਮਿਲੇ ਤਾਂ ਹੱਥਾਂ ਨੂੰ ਸਾਬਣ ਤੇ ਪਾਣੀ ਨਾਲ ਧੋਣਾ ਚਾਹੀਦਾ ਹੈ। ਸਵਾਰੀਆਂ/ਡਰਾਇਵਰ ਵੱਲੋਂ ਵਾਹਨ ਅੰਦਰ ਹੱਥ ਸਾਫ਼ ਕਰਨ ਲਈ ਅਲਕੋਹਲ ਯੁਕਤ ਹੈਂਡ ਸੈਨੀਟਾਈਜ਼ਰ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਚਾਹ ਤੇ ਲੰਚ ਦੌਰਾਨ ਕਿਸੇ ਵੀ ਖਾਣ-ਪੀਣ ਦੀ ਵਸਤੂ ਨੂੰ ਛੂਹਣ ਤੋਂ ਪਹਿਲਾਂ ਡਰਾਈਵਰ ਤੇ ਸਵਾਰੀਆਂ ਹੱਥਾਂ ਨੂੰ ਨਿਯਮਿਤ ਤਰੀਕੇ ਨਾਲ ਧੋਣ/ਸੈਨੀਟਾਈਜ਼ ਕਰਨ। ਇਹ ਬਹੁਤ ਜ਼ਰੂਰੀ ਹੈ ਕਿ ਡਰਾਇਵਰ ਤੇ ਸਵਾਰੀਆਂ ਵੱਲੋਂ ਇੰਟਰਸਿਟੀ ਬਾਰਡਰ ’ਤੇ ਉਪਲੱਬਧ ਥਰਮਲ ਟੈਂਪਰੇਚਰ ਸੈਂਸਰ ਰਾਹੀਂ ਸਕਰੀਨਿੰਗ ਕਰਵਾਈ ਜਾਵੇ। ਜ਼ਿਕਰਯੋਗ ਹੈ ਕਿ ਮਨੁੱਖੀ ਸਰੀਰ ਦਾ ਆਮ ਤਾਪਮਾਨ 97.7 ਤੋਂ 99.5 ਡਿਗਰੀ ਫਾਰਨਹਾਈਟ ਜਾਂ 36.5 ਤੋਂ 37.5 ਡਿਗਰੀ ਸੈਂਟੀਗ੍ਰੇਡ ਹੁੰਦਾ ਹੈ। ਅੰਤਰ-ਰਾਜੀ, ਅੰਤਰ-ਸ਼ਹਿਰ ਦੇ ਚੈੱਕ ਪੁਆਇੰਟ ’ਤੇ ਸਾਰੇ ਵਿਅਕਤੀਆਂ ਵੱਲੋਂ ਸਫਰ ਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਵੇ।