ਪੰਜਾਬ ਦੀ ਇਸ ਸਰਪੰਚਣੀ ਨਾਲ ਮੋਦੀ ਨੇ ਕੀਤੀ ਲਾਈਵ ਗੱਲਬਾਤ

Tags

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਮੌਕੇ ਦੇਸ਼ ਭਰ ਦੇ ਸਰਪੰਚਾਂ-ਪੰਚਾਇਤ ਮੈਂਬਰਾਂ ਨਾਲ ਵੀਡੀਓ ਕਾਨਫ਼ਰੰਸਿੰਗ ਰਾਹੀਂ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਦੇ ਸਭ ਤੋਂ ਨੌਜਵਾਨ ਅਤੇ ਘੱਟ ਉਮਰ 'ਚ ਸਰਪੰਚ ਬਣੀ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਹਾੜਾ ਨਰਾਇਣਪੁਰ ਦੀ ਸਰਪੰਚ ਪੱਲਵੀ ਠਾਕੁਰ ਨਾਲ ਗੱਲਬਾਤ ਕੀਤੀ। ਲਗਭਗ 5 ਮਿੰਟ ਤਕ ਪੱਲਵੀ ਅਤੇ ਪੀਐਮ ਮੋਦੀ ਵਿਚਕਾਰ ਗੱਲਬਾਤ ਹੋਈ। ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਪੱਲਵੀ ਤੋਂ ਉਨ੍ਹਾਂ ਦੀ ਪੰਚਾਇਤ ਦੇ ਕੀਤੇ ਕੰਮਾਂ ਨੂੰ ਧਿਆਨ ਨਾਲ ਸੁਣਿਆ। ਇਸ ਦੇ ਨਾਲ ਹੀ ਕੋਰੋਨਾ ਸੰਕਟ ਨਾਲ ਨਜਿੱਠਣ, ਕਿਸਾਨਾਂ ਨੂੰ ਉਤਸ਼ਾਹਿਤ ਕਰਨ ਦੇ ਪ੍ਰਬੰਧਾਂ ਦੇ ਨਾਲ-ਨਾਲ ਨਸ਼ੇ ਦੀ ਸਮੱਸਿਆ ਦਾ ਮੁੱਦਾ ਵੀ ਚੁੱਕਿਆ।

ਪੱਲਵੀ ਠਾਕੁਰ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੁੱਕਰਵਾਰ ਸਵੇਰੇ ਅਚਾਨਕ ਕਾਲ ਆਈ ਕਿ ਅਸੀਂ ਪੀਐਮਓ ਦਿੱਲੀ ਤੋਂ ਬੋਲ ਰਹੇ ਹਾਂ। ਤੁਹਾਡੇ ਨਾਲ ਥੋੜ੍ਹੇ ਸਮੇਂ ਬਾਅਦ ਪ੍ਰਧਾਨ ਮੰਤਰੀ ਗੱਲ ਕਰਨਗੇ। ਪਹਿਲਾਂ ਤਾਂ ਉਨ੍ਹਾਂ ਨੂੰ ਭਰੋਸਾ ਨਾ ਹੋਇਆ, ਪਰ ਜਿਸ ਤਰ੍ਹਾਂ ਉਨ੍ਹਾਂ ਨੂੰ ਵੀਡੀਓ ਕਾਨਫ਼ਰੰਸਿੰਗ ਦੇ ਨਿਰਦੇਸ਼ ਦਿੱਤੇ ਤਾਂ ਉਸ ਨੂੰ ਭਰੋਸਾ ਹੋਇਆ। ਪੱਲਵੀ ਨੇ ਕਿਹਾ ਕਿ ਉਸ ਨੂੰ ਬਹੁਤ ਵਧੀਆ ਲੱਗਿਆ ਕਿ ਪੀਐਮ ਨੇ ਉਨ੍ਹਾਂ ਦੀ ਗੱਲ ਨੂੰ ਪਹਿਲਾ ਸੁਣਿਆ ਅਤੇ ਬਾਅਦ 'ਚ ਆਪਣੀ ਗੱਲ ਕਹੀ। ਇਹ ਉਸ ਲਈ ਕਿਸੇ ਵੱਡੇ ਸਨਮਾਨ ਜਿਹਾ ਹੈ। ਜਿਸ ਤਰ੍ਹਾਂ ਪ੍ਰਧਾਨ ਮੰਤਰੀ ਕਿਸਾਨਾਂ ਦੀਆਂ ਮੁਸ਼ਕਲਾਂ-ਪ੍ਰੇਸ਼ਾਨੀਆਂ ਸੁਣਦੇ ਹਨ ਅਤੇ ਪੰਚਾਇਤਾਂ ਤੋਂ ਸੁਝਾਅ ਲੈਂਦੇ ਹਨ, ਉਹ ਉਨ੍ਹਾਂ ਲਈ ਪ੍ਰੇਰਣਾਦਾਇਕ ਹੈ।

ਦੱਸ ਦੇਈਏ ਕਿ ਪੱਲਵੀ ਠਾਕੁਰ ਢਾਈ ਸਾਲ ਪਹਿਲਾਂ ਸਰਪੰਚ ਚੁਣੀ ਗਈ ਸੀ। ਉਸ ਸਮੇਂ ਉਹ ਚੰਦੀਗੜ੍ਹ 'ਚ ਬੀਐਸਸੀ ਦੀ ਪੜ੍ਹਾਈ ਕਰ ਰਿਹਾ ਸੀ। ਸਿਰਫ਼ 20 ਸਾਲ ਦੀ ਉਮਰ 'ਚ ਸੂਬੇ ਦੀ ਸਭ ਤੋਂ ਨੌਜਵਾਨਾਂ ਸਰਪੰਚ ਹੋਣ ਦਾ ਦਰਜਾ ਉਸ ਨੂੰ ਮਿਲਿਆ ਸੀ। ਬਾਅਦ 'ਚ ਪੜ੍ਹਾਈ ਛੱਡ ਕੇ ਉਹ ਲੋਕ ਸੇਵਾ 'ਚ ਜੁਟ ਗਈ ਸੀ। ਸਰਪੰਚ ਪੱਲਵੀ ਠਾਕੁਰ ਦੀਆਂ ਗੱਲਾਂ ਤੋਂ ਪੀਐਮ ਮੋਦੀ ਕਾਫੀ ਪ੍ਰਭਾਵਿਤ ਹੋਏ। ਉਨ੍ਹਾਂ ਕਿਹਾ ਕਿ ਨੌਜਵਾਨ ਸਰਪੰਚ ਨੇ ਪ੍ਰਭਾਵਸ਼ਾਲੀ ਤਰੀਕੇ ਨਾਲ ਆਪਣੀ ਗੱਲ ਰੱਖੀ ਹੈ। ਸੰਕਟ ਸਮੇਂ ਆਪਣੇ ਲੋਕਾਂ ਨੂੰ ਕੋਰੋਨਾ ਤੋਂ ਬਚਾਉਣ ਲਈ ਇਹ ਕੋਸ਼ਿਸ਼ਾਂ ਕਾਬਿਲੇ ਤਾਰੀਫ਼ ਹਨ।

ਪੱਲਵੀ ਠਾਕੁਰ ਨੇ ਪੀਐਮ ਨੂੰ ਪਹਿਲਾਂ ਦੱਸਿਆ ਕਿ ਉਨ੍ਹਾਂ ਦੀ ਪੰਚਾਇਤ ਕੋਰੋਨਾ ਨਾਲ ਡਟ ਕੇ ਮੁਕਾਬਲਾ ਕਰ ਰਹੀ ਹੈ। ਪਿੰਡ 'ਚ ਆਉਣ-ਜਾਣ ਵਾਲੇ ਰਸਤਿਆਂ 'ਤੇ ਦਿਨ-ਰਾਤ ਪਹਿਰਾ ਲਗਾ ਕੇ ਬਾਹਰੀ ਲੋਕਾਂ ਦੇ ਆਉਣ 'ਤੇ ਰੋਕ ਲਗਾਈ ਗਈ ਹੈ। ਸਿਰਫ਼ ਪਿੰਡ ਦੇ ਲੋਕ ਜ਼ਰੂਰੀ ਕੰਮ ਲਈ ਬਾਹਰ ਜਾ ਰਹੇ ਹਨ। ਉਹ ਖੁਦ ਨਾਕਿਆਂ ਦੀ ਮਾਨੀਟਰਿੰਗ ਕਰਦੇ ਹਨ। ਜਦਕਿ ਸਾਰੇ ਪਿੰਡ ਵਾਸੀਆਂ ਨੂੰ ਮਾਸਕ ਉਪਲੱਬਧ ਕਰਵਾਏ ਗਏ ਹਨ ਅਤੇ ਸਾਬਣ ਨਾਲ ਹੱਥ ਧੋਣ, ਸਮਾਜਿਕ ਦੂਰੀ ਬਣਾ ਕੇ ਰੱਖਣ ਲਈ ਵੀ ਜਾਗਰੂਤ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਕਣਕ ਦੀ ਕਟਾਈ 'ਚ ਲੱਗੇ ਕਿਸਾਨ ਇਸ ਕੰਮ 'ਚ ਰੁੱਝੇ ਹੋਏ ਹਨ। ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤੋਂ ਉਨ੍ਹਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।