ਦਿੱਲੀ ਦੇ ਡਾਕਟਰਾਂ ਨੇ ਵੱਡੀ ਜਿੱਤ ਕੀਤੀ ਹਾਸਲ

Tags

ਦੇਸ਼ 'ਚ ਪਹਿਲੀ ਵਾਰ ਪਲਾਜ਼ਮਾ ਥੈਰੇਪੀ ਨਾਲ ਗੰਭੀਰ ਹਾਲਤ ਵਾਲੇ 49 ਸਾਲਾ ਕੋਰੋਨਾ ਪੀੜਤ ਮਰੀਜ਼ ਦਾ ਸਫ਼ਲ ਇਲਾਜ ਦਿੱਲੀ ਦੇ ਸਾਕੇਤ ਮੈਕਸ ਹਸਪਤਾਲ 'ਚ ਕੀਤਾ ਗਿਆ। ਪਲਾਜ਼ਮਾ ਥੈਰੇਪੀ ਦੇਣ ਮਗਰੋਂ ਮਰੀਜ਼ ਚੌਥੇ ਦਿਨ ਹੀ ਵੈਂਟੀਲੇਟਰ ਤੋਂ ਬਾਹਰ ਆ ਗਿਆ। ਹੁਣ ਉਸ ਨੂੰ ਆਈ ਸੀ ਯੂ ਤੋਂ ਦੂਜੇ ਵਾਰਡ 'ਚ ਸ਼ਿਫ਼ਟ ਕਰ ਦਿੱਤਾ ਗਿਆ ਹੈ। ਹਸਪਤਾਲ ਦੇ ਡਾਕਟਰ ਇਸ ਨੂੰ ਉਮੀਦ ਦੀ ਨਵੀਂ ਕਿਰਨ ਵਜੋਂ ਵੇਖ ਰਹੇ ਹਨ। ਹਸਪਤਾਲ ਦਾ ਕਹਿਣਾ ਹੈ ਕਿ ਮਰੀਜ਼ ਨੂੰ 4 ਅਪ੍ਰੈਲ ਨੂੰ ਮੈਕਸ ਹਸਪਤਾਲ ਦੇ ਈਸਟ ਬਲਾਕ ਵਿਖੇ ਦਾਖਲ ਕਰਵਾਇਆ ਗਿਆ ਸੀ, ਜਿੱਥੇ ਕੋਰੋਨਾ ਦੇ ਇਲਾਜ ਲਈ ਇੱਕ ਬਲਾਕ ਬਣਾਇਆ ਗਿਆ ਹੈ।

ਉਸੇ ਦਿਨ ਕੀਤੀ ਜਾਂਚ 'ਚ ਮਰੀਜ਼ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਸੀ। ਸ਼ੁਰੂਆਤ 'ਚ ਉਸ ਨੂੰ ਬੁਖਾਰ ਅਤੇ ਸਾਹ ਲੈਣ 'ਚ ਮੁਸ਼ਕਲ ਆਈ, ਪਰ ਇੱਕ-ਦੋ ਦਿਨ 'ਚ ਹੀ ਸਥਿਤੀ ਗੰ ਭੀ ਰ ਹੋ ਗਈ। ਇਸ ਲਈ ਆਕਸੀਜਨ ਦੀ ਜਰੂਰਤ ਪਈ। ਫਿਰ ਉਸਨੂੰ ਨਮੂਨੀਆ ਹੋ ਗਿਆ ਅਤੇ ਫੇਫੜੇ ਵੀ ਸਹੀ ਤਰ੍ਹਾਂ ਕੰਮ ਨਹੀਂ ਕਰ ਰਹੇ ਸਨ। ਇਸ ਕਾਰਨ ਉਸ ਨੂੰ 8 ਅਪ੍ਰੈਲ ਨੂੰ ਵੈਂਟੀਲੇਟਰ ਸਹਾਇਤਾ ਪ੍ਰਦਾਨ ਕਰਨੀ ਪਈ। ਹਸਪਤਾਲ ਦੇ ਡਾਇਰੈਕਟਰ ਡਾ. ਸੰਦੀਪ ਬੁੱਧੀਰਾਜਾ ਨੇ ਦੱਸਿਆ ਕਿ ਕੋਰੋਨਾ ਤੋਂ ਠੀਕ ਹੋਏ ਇੱਕ ਵਿਅਕਤੀ ਤੋਂ ਪਲਾਜ਼ਮਾ ਲੈ ਕੇ ਆਈਸੀਯੂ 'ਚ ਦਾਖਲ 49 ਸਾਲਾ ਵਿਅਕਤੀ ਨੂੰ ਚੜ੍ਹਾਇਆ ਗਿਆ ਸੀ। ਇਹ ਮਰੀਜ਼ ਦਿੱਲੀ ਦੇ ਡਿਫੈਂਸ ਕਾਲੋਨੀ ਦਾ ਵਸਨੀਕ ਹੈ। ਇਹ ਇਲਾਜ ਉਸ ਉੱਤੇ ਕਾਰਗਰ ਸਾਬਤ ਹੋਇਆ। ਹੁਣ ਉਸ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਡਾ. ਬੁੱਧੀਰਾਜਾ ਅਨੁਸਾਰ ਮਰੀਜ਼ ਦੀ ਸਿਹਤ ਵੀ ਠੀਕ ਹੈ। ਪਰਿਵਾਰਕ ਮੈਂਬਰਾਂ ਨੇ ਹਸਪਤਾਲ ਪ੍ਰਸ਼ਾਸਨ ਤੋਂ ਉਸ ਨੂੰ ਪਲਾਜ਼ਮਾ ਥੈਰੇਪੀ ਕਰਾਉਣ ਦੀ ਅਪੀਲ ਕੀਤੀ।

ਇਸ ਲਈ ਡੋਨਰ ਵੀ ਪਰਿਵਾਰ ਖੁਦ ਲਿਆਇਆ। ਡੋਨਰ ਤਿੰਨ ਹਫ਼ਤੇ ਪਹਿਲਾਂ ਕੋਰੋਨਾ ਨਾਲ ਠੀਕ ਹੋਇਆ ਸੀ। ਦੋ ਵਾਰ ਉਸ ਦੀ ਰਿਪੋਰਟ ਨੈਗੇਟਿਵ ਆਈ ਸੀ ਅਤੇ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ। ਉਸ ਦੇ ਖੂਨ 'ਚੋਂ ਪਲਾਜ਼ਮਾ ਲੈ ਕੇ 14 ਅਪ੍ਰੈਲ ਨੂੰ ਮਰੀਜ਼ ਨੂੰ ਚੜ੍ਹਾਇਆ ਗਿਆ ਸੀ। ਇਸ ਇਲਾਜ ਤੋਂ ਬਾਅਦ ਉਸ ਦੀ ਸਿਹਤ 'ਚ ਸੁਧਾਰ ਹੋਣਾ ਸ਼ੁਰੂ ਹੋਇਆ। ਵੈਂਟੀਲੇਟਰ ਸਹਾਇਤਾ 18 ਅਪ੍ਰੈਲ ਨੂੰ ਹਟਾ ਦਿੱਤੀ ਗਈ ਸੀ। ਹਾਲਾਂਕਿ ਉਸਨੂੰ ਆਕਸੀਜਨ ਦਿੱਤੀ ਜਾ ਰਹੀ ਸੀ। ਐਤਵਾਰ ਨੂੰ ਉਨ੍ਹਾਂ ਨੇ ਖਾਣਾ ਵੀ ਸ਼ੁਰੂ ਕਰ ਦਿੱਤਾ ਹੈ। ਡਾਕਟਰ ਨੇ ਕਿਹਾ ਕਿ ਕੋਰੋਨਾ ਦੀ ਇਸ ਆਲਮੀ ਮਹਾਂਮਾਰੀ 'ਚ ਦੇਸ਼ ਲਈ ਪਲਾਜ਼ਮਾ ਥੈਰੇਪੀ ਗੰਭੀਰ ਮਰੀਜ਼ਾਂ ਦੇ ਇਲਾਜ ਵਿੱਚ ਮਦਦਗਾਰ ਹੋ ਸਕਦੀ ਹੈ।