ਕੋਰੋਨਾ ਨਾਲ ਲੜਨ ਲਈ ਅਮਰੀਕਾ ਨੇ ਭਾਰਤ ਤੋਂ ਮੰਗੀ ਮਦਦ

Tags

ਕੋਰੋਨਾ ਵਾਇਰਸ ਨੇ ਇਨ੍ਹੀਂ ਦਿਨੀਂ ਅਮਰੀਕਾ 'ਚ ਹਾਹਾਕਾਰ ਮਚਾਈ ਹੋਈ ਹੈ। 3 ਲੱਖ ਤੋਂ ਵੱਧ ਪਾਜ਼ੀਟਿਵ ਮਾਮਲਿਆਂ ਤੋਂ ਬਾਅਦ ਅਮਰੀਕਾ ਨੇ ਭਾਰਤ ਤੋਂ ਮਦਦ ਮੰਗੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਕੋਰੋਨਾ ਦੇ ਮਰੀਜ਼ਾਂ ਦੇ ਇਲਾਜ ਲਈ ਹਾਈਡ੍ਰੋਕਸਾਈਕਲੋਰੋਕਿਨ ਗੋਲੀਆਂ ਦੀ ਮੰਗ ਕੀਤੀ ਹੈ। ਡੋਨਾਲਡ ਟਰੰਪ ਨੇ ਕਿਹਾ, "ਮੈਂ ਸਵੇਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਬਹੁਤ ਸਾਰੀਆਂ ਹਾਈਡ੍ਰੋਕਸਾਈਕਲੋਰੋਕਿਨ ਗੋਲੀਆਂ ਬਣਾਈਆਂ ਹਨ। ਭਾਰਤ ਇਸ 'ਤੇ ਗੰਭੀਰਤਾ ਨਾਲ ਕੰਮ ਕਰ ਰਿਹਾ ਹੈ।" ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਹ ਇਨ੍ਹਾਂ ਗੋਲੀਆਂ ਨੂੰ ਖਾਣਗੇ। ਉਨ੍ਹਾਂ ਕਿਹਾ, "ਸੰਭਵ ਹੈ ਕਿ ਮੈਂ ਵੀ ਇਨ੍ਹਾਂ ਗੋਲੀਆਂ ਨੂੰ ਖਾਵਾਂਗਾ। ਹਾਲਾਂਕਿ ਇਸ ਦੇ ਲਈ ਮੈਨੂੰ ਪਹਿਲਾਂ ਡਾਕਟਰਾਂ ਨਾਲ ਗੱਲ ਕਰਨੀ ਪਵੇਗੀ।"
ਉਨ੍ਹਾਂ ਕਿਹਾ ਕਿ ਮੈਂ ਸ਼ਲਾਘਾ ਕਰਾਂਗਾ ਕਿ ਜੇ ਭਾਰਤ ਸਾਡੇ ਦੁਆਰਾ ਆਰਡਰ ਕੀਤੀਆਂ ਗਈਆਂ ਗੋਲੀਆਂ ਦੀ ਖੇਪ ਜਾਰੀ ਕਰੇਗਾ। ਉਨ੍ਹਾਂ ਕਿਹਾ, "ਭਾਰਤ ਨੇ ਵੱਡੀ ਗਿਣਤੀ 'ਚ ਇਹ ਗੋਲੀਆਂ ਬਣਾਈਆਂ ਹਨ। ਉਨ੍ਹਾਂ ਨੂੰ ਆਪਣੇ ਅਰਬ ਤੋਂ ਵੱਧ ਲੋਕਾਂ ਲਈ ਇਸ ਦੀ ਜ਼ਰੂਰਤ ਹੈ।" ਡੋਨਾਲਡ ਟਰੰਪ ਨੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਬਾਰੇ ਕਿਹਾ ਸੀ ਕਿ ਅਗਲੇ ਦੋ ਹਫ਼ਤਿਆਂ ਵਿੱਚ ਉਨ੍ਹਾਂ ਨੂੰ ਹੋਰ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕਰਨਾ ਪਵੇਗਾ। ਟਰੰਪ ਨੇ ਵ੍ਹਾਈਟ ਹਾਊਸ ਵਿਖੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਸੀ, "ਅਗਲੇ ਦੋ ਹਫ਼ਤੇ ਬਹੁਤ ਜਾਨਲੇਵਾ ਹੋਣ ਵਾਲੇ ਹਨ। ਅਸੀਂ ਇਸ ਮੁਸ਼ਕਲ ਭਰੇ ਹਾਲਾਤ ਦਾ ਮਜ਼ਬੂਤੀ ਨਾਲ ਸਾਹਮਣਾ ਕਰ ਰਹੇ ਹਾਂ ਤਾਂ ਕਿ ਅਸੀਂ ਘੱਟੋ-ਘੱਟ ਜਾਨਾਂ ਗੁਆਈਏ ਅਤੇ ਮੈਨੂੰ ਲੱਗਦਾ ਹੈ ਕਿ ਅਸੀਂ ਸਫਲ ਹੋਵਾਂਗੇ।"

ਦੱਸ ਦੇਈਏ ਕਿ ਅਮਰੀਕਾ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਵੱਧ ਕੇ 3,00,000 ਹੋ ਗਈ ਹੈ ਅਤੇ 8100 ਤੋਂ ਵੱਧ ਲੋਕ ਇਸ ਲਾਗ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ। ਬਾਲਟੀਮੋਰ ਸਥਿੱਤ ਜੋਨਸ ਹੌਪਕਿਨਜ਼ ਯੂਨੀਵਰਸਿਟੀ, ਜੋਕਿ ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਨਿਗਰਾਨੀ ਕਰ ਰਹੀ ਹੈ, ਨੇ ਸਨਿੱਚਰਵਾਰ ਨੂੰ ਇਹ ਅੰਕੜੇ ਦਿੱਤੇ। ਉਨ੍ਹਾਂ ਕਿਹਾ ਕਿ ਅਮਰੀਕਾ 'ਚ ਘੱਟੋ-ਘੱਟ 3,00,915 ਮਾਮਲਿਆਂ ਦੀ ਪੁਸ਼ਟੀ ਹੋ​ਚੁੱਕੀ ਹੈ ਅਤੇ 8,162 ਲੋਕਾਂ ਦੀ ਮੌਤ ਹੋ ਚੁੱਕੀ ਹੈ।