ਸਰਕਾਰ ਨੇ ਕਿਸਾਨਾਂ ਲਈ ਦਿੱਤੇ ਅਹਿਮ ਨਿਰਦੇਸ਼, ਮੰਡੀ ਜਾਣ ਤੋਂ ਪਹਿਲਾਂ ਦੇਖ ਜਾਓ ਇਹ ਖਬਰ

Tags

ਪੰਜਾਬ ‘ਚ ਹਾੜੀ ਦੀ ਫ਼ਸਲ ਕਣਕ ਦੀ ਖਰੀਦ ਪ੍ਰਕਿਰਿਆ ਅੱਜ 15 ਅਪ੍ਰੈਲ ਤੋਂ ਸ਼ੁਰੂ ਹੋਵੇਗੀ। ਰਾਜ ਸਰਕਾਰ ਨੇ ਇਸ ਦੇ ਲਈ ਸਾਰੇ ਪ੍ਰਬੰਧ ਕਰ ਲਏ ਹਨ। ਇਹ ਜਾਣਕਾਰੀ ਮੰਗਲਵਾਰ ਨੂੰ ਪੰਜਾਬ ਦੇ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਸਾਰੀਆਂ ਖਰੀਦ ਏਜੰਸੀਆਂ ਅਤੇ ਐਫ.ਸੀ.ਆਈ. (ਫੂਡ ਕਾਰਪੋਰੇਸ਼ਨ ਆਫ ਇੰਡੀਆ) ਕਣਕ ਦੀ ਖਰੀਦ ਕੇਂਦਰ ਸਰਕਾਰ ਦੁਆਰਾ ਨਿਰਧਾਰਤ ਘੱਟੋ ਘੱਟ ਸਮਰਥਨ ਮੁੱਲ 1925 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕਰਨਗੇ। ਆਸ਼ੂ ਨੇ ਦੱਸਿਆ ਕਿ ਕੇਂਦਰੀ ਪੂਲ ਲਈ ਕਣਕ ਦੀ ਖਰੀਦ ਕਰਨ ਵਾਲੀਆਂ ਏਜੰਸੀਆਂ ਵੱਲੋਂ 50 ਕਿੱਲੋ ਨਵਾਂ ਜੂਟ, ਐਚ.ਡੀ.ਪੀ.ਈ., ਪੀਪੀ ਬੋਰੀਆਂ ਦਾ ਪ੍ਰਬੰਧ ਕੀਤਾ ਗਿਆ ਹੈ।

ਜਦਕਿ ਕਣਕ ਦੀ ਭਰਵਾਈ ਲਈ 30 ਕਿਲੋ ਸਮਰੱਥਾ ਵਾਲੀਆਂ ਬੋਰੀਆਂ ਕੌਮੀ ਖੁਰਾਕ ਸੁਰੱਖਿਆ ਐਕਟ ਤਹਿਤ ਵੰਡੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਹਰ ਜ਼ਿਲ੍ਹੇ ਵਿੱਚ ਲੋੜ ਅਨੁਸਾਰ ਬਾਰਦਾਨੇ ਦੀ ਸਪਲਾਈ ਕੀਤੀ ਗਈ ਹੈ। ਕਣਕ ਦੀ ਬੋਲੀ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਨਿਰਧਾਰਤ ਕੀਤਾ ਗਿਆ ਹੈ। ਖੇਤੀਬਾੜੀ ਵਿਭਾਗ ਦੇ ਸਕੱਤਰ ਕਾਹਨ ਸਿੰਘ ਪੰਨੂ ਮੁਤਾਬਕ ਇੱਕ ਟਰਾਲੀ ਵਿਚ 50 ਕੁਇੰਟਲ ਕਣਕ ਲਿਆਉਣ ਦੀ ਸ਼ਰਤ ਹਟਾ ਲਈ ਗਈ ਹੈ। ਹੁਣ ਟਰਾਲੀ ਵਿੱਚ ਜਿੰਨੀ ਕਣਕ ਆ ਸਕਦੀ ਹੋਵੇ, ਕਿਸਾਨ ਲਿਆ ਸਕਦੇ ਹਨ।

ਉਨ੍ਹਾਂ ਕਿਹਾ ਕਿ ਸੂਬੇ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਮੰਡੀਆਂ ਵਿੱਚ 135 ਲੱਖ ਟਨ ਕਣਕ ਦੇ ਆਉਣ ਦੀ ਸੰਭਾਵਨਾ ਜ਼ਾਹਰ ਕੀਤੀ ਹੈ। ਇਸ ਦੇ ਮੱਦੇਨਜ਼ਰ, ਪਨਗ੍ਰੇਨ 26 ਪ੍ਰਤੀਸ਼ਤ (35.10), ਮਾਰਕਫੈਡ 23.50 ਪ੍ਰਤੀਸ਼ਤ (31.72), ਪਨਸਪ 21.50 ਪ੍ਰਤੀਸ਼ਤ (29.02), ਵੇਅਰਹਾਊਸ 14 ਪ੍ਰਤੀਸ਼ਤ (18.90) ਅਤੇ ਐਫਸੀਆਈ 15 ਪ੍ਰਤੀਸ਼ਤ (20.25) ਦੀ ਖਰੀਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੋਵਿਡ -19 ਮਹਾਂਮਾਰੀ ਦੇ ਮੱਦੇਨਜ਼ਰ ਕਿਸਾਨਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਵੱਲੋਂ 1867 ਖਰੀਦ ਕੇਂਦਰਾਂ ਅਤੇ 1824 ਚਾਵਲ ਮਿੱਲਾਂ ਨੂੰ ਮੰਡੀ ਯਾਰਡ ਐਲਾਨਿਆ ਗਿਆ ਹੈ।