ਹੁਣ ਪੰਜਾਬ ਦੇ ਇਸ ਗਰੀਨ ਜ਼ੋਨ ਵਿੱਚ ਵੀ ਆਇਆ ਕੋਰੋਨਾ ਵਾਇਰਸ, ਟੁੱਟ ਗਈ ਜ਼ੀਰੋ

Tags

ਬੀਤੇ ਕਈ ਦਿਨਾਂ ਤੋਂ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੇ ਮਾਮਲੇ 'ਚ ਜ਼ਿਲ੍ਹਾ ਫਿਰੋਜ਼ਪੁਰ ਦੀ ਜ਼ੀਰੋ ਉਸ ਵੇਲੇ ਟੁੱਟ ਗਈ ਜਦੋਂ ਲੁਧਿਆਣਾ ਦੇ ਏਸੀਪੀ ਨਾਲ ਬਤੌਰ ਗੰਨਮੈਨ ਡਿਊਟੀ ਨਿਭਾਅ ਰਹੇ ਫਿਰੋਜ਼ਪੁਰ ਦੇ ਇਕ ਪੁਲਿਸ ਮੁਲਾਜ਼ਮ ਦੀ ਰਿਪੋਰਟ ਵੀ ਪਾਜ਼ੇਟਿਵ ਆ ਗਈ। ਹਾਲਾਂਕਿ ਏਸੀਪੀ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਉਸ ਦੇ ਜਿਨ੍ਹਾਂ ਕਰੀਬੀਆਂ ਨੂੰ ਘਰਾਂ 'ਚ ਕੁਆਰੰਟੀਨ ਕੀਤਾ ਗਿਆ ਸੀ ਉਨ੍ਹਾਂ ਵਿਚ ਉਕਤ ਗੰਨਮੈਨ ਵੀ ਸ਼ਾਮਲ ਸੀ ਪਰ ਪਿੰਡ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕੁਆਰੰਟੀਨ ਦੇ ਬਾਵਜੂਦ ਇਹ ਨੌਜਵਾਨ ਨਾ ਸਿਰਫ਼ ਪਿੰਡ ਵਿਚ ਹੀ ਸ਼ਰੇਆਮ ਘੁੰਮ ਰਿਹਾ ਸੀ ਸਗੋਂ ਪਿਛਲੇ ਦੋ ਦਿਨਾਂ ਤੋਂ ਫਿਰੋਜ਼ਪੁਰ ਸ਼ਹਿਰ ਤੇ ਛਾਉਣੀ 'ਚ ਵੀ ਘੁੰਮਦਾ ਵੇਖਿਆ ਗਿਆ ਸੀ।

ਉਕਤ ਨੌਜਵਾਨ ਦੀ ਰਿਪੋਰਟ ਪਾਜ਼ੇਟਿਵ ਆਉਣ ਦਾ ਪਤਾ ਲੱਗਦਿਆਂ ਹੀ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀ, ਸਿਹਤ ਵਿਭਾਗ ਦੇ ਅਧਿਕਾਰੀ ਅਤੇ ਪੁਲਿਸ ਦੀ ਇਕ ਟੀਮ ਉਕਤ ਨੌਜਵਾਨ ਦੇ ਪਿੰਡ ਵਾੜਾ ਭਾਈ ਕਾ ਪਹੁੰਚੇ ਤੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਰਿਪੋਰਟਾਂ ਲਿਖਤੀ ਰੂਪ ਵਿੱਚ ਆਉਣੀਆਂ ਅਜੇ ਬਾਕੀ ਹਨ। ਡੀ.ਸੀ. ਫਿਰੋਜ਼ਪੁਰ ਨੇ ਦੱਸਿਆ ਕਿ ਇਸ ਮਰੀਜ਼ ਨੂੰ 1 ਅਪ੍ਰੈਲ ਤੋਂ ਕੁਆਰੰਟਾਈਨ ਵਿਚ ਰੱਖਿਆ ਗਿਆ ਹੈ। ਪੁਲਿਸ ਨੇ ਡੀਐਸਪੀ ਫਿਰੋਜ਼ਪੁਰ ਸਤਨਾਮ ਸਿੰਘ ਦੀ ਅਗਵਾਈ ਵਿੱਚ ਪੂਰੇ ਖੇਤਰ ਨੂੰ ਸੀਲ ਕਰ ਦਿੱਤਾ ਹੈ ਅਤੇ ਜਿਸ-ਜਿਸ ਵਿਅਕਤੀ ਦੇ ਸੰਪਰਕ ਵਿੱਚ ਇਹ ਮਰੀਜ਼ ਆਇਆ ਉਹਨਾਂ ਦੀ ਪੂਰੀ ਤਰ੍ਹਾਂ ਪੜਤਾਲ ਕੀਤੀ ਜਾ ਰਹੀ ਹੈ।