ਏਸੀਪੀ ਲੁਧਿਆਣਾ ਦਾ ਹੋਵੇਗਾ ਇਸ ਵਿਸ਼ੇਸ਼ ਥਰੈਪੀ ਨਾਲ ਕੋਰੋਨਾ ਦਾ ਇਲਾਜ਼

Tags

ਪੰਜਾਬ ਸਰਕਾਰ ਪਹਿਲੀ ਵਾਰ ਕੋਰੋਨਾ ਦੇ ਪੀੜਤਾਂ ਦਾ ਇਲਾਜ ਕਰਨ ਲਈ ਪਲਾਜ਼ਮਾ ਥੈਰੇਪੀ ਦੀ ਵਰਤੋਂ ਕਰੇਗੀ। ਇਸ ਲਈ ਸਰਕਾਰ ਨੇ ਐਸਪੀਐਸ ਹਸਪਤਾਲ ਲੁਧਿਆਣਾ ਦੀ ਮੈਡੀਕਲ ਟੀਮ ਦੇ ਜ਼ਰੀਏ ਕੋਰੋਨਾ ਵਾਇਰਸ ਨਾਲ ਸੰਕਰਮਿਤ ਲੁਧਿਆਣਾ ਦੇ ਏਸੀਪੀ ਅਨਿਲ ਕੋਹਲੀ ਦਾ ਪਲਾਜ਼ਮਾ ਥੈਰੇਪੀ ਕਰਵਾਉਣ ਦਾ ਫੈਸਲਾ ਕੀਤਾ ਹੈ। ਸਰਕਾਰ ਦੇ ਬੁਲਾਰੇ ਨੇ ਇਹ ਜਾਣਕਾਰੀ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਬੁਲਾਈ ਗਈ ਇਕ ਵੀਡੀਓ ਕਾਨਫਰੰਸ ਤੋਂ ਬਾਅਦ ਦਿੱਤੀ। ਇਸ ਦੌਰਾਨ ਅਨਿਲ ਕੋਹਲੀ ਦੇ ਸੰਪਰਕ ‘ਚ ਆਏ ਤਿੰਨ ਵਿਅਕਤੀਆਂ ਦਾ ਕੋਵਿਡ -19 ਲਈ ਟੈਸਟ ਵੀ ਕੀਤਾ ਗਿਆ।

ਇਨ੍ਹਾਂ ‘ਚ ਏਸੀਪੀ ਦੀ ਪਤਨੀ ਪਲਕ ਕੋਹਲੀ, ਉਸ ਦੇ ਡਰਾਈਵਰ ਕਾਂਸਟੇਬਲ ਪ੍ਰਭਜੋਤ ਸਿੰਘ (ਫਿਰੋਜ਼ਪੁਰ) ਅਤੇ ਅਨਿਲ ਕੋਹਲੀ ਸਬ-ਡਵੀਜ਼ਨ ਅਧੀਨ ਪੈਂਦੇ ਖੇਤਰ ਜੋਧੇਵਾਲ ਦੇ ਸਬ-ਇੰਸਪੈਕਟਰ ਅਰਸ਼ਪ੍ਰੀਤ ਗਰੇਵਾਲ ਸ਼ਾਮਲ ਹਨ। ਲੁਧਿਆਣਾ ਦੇ ਅਪੋਲੋ ਹਸਪਤਾਲ ‘ਚ ਦਾਖਲ ਪੰਜਾਬ ਪੁਲਿਸ ਦੇ ਏਸੀਪੀ ਦੇ ਪਰਿਵਾਰ ਨੇ ਇਸ ਇਲਾਜ ਦੀ ਇਜਾਜ਼ਤ ਦੇ ਦਿੱਤੀ ਹੈ। ਹੁਣ ਪੰਜਾਬ ਦੇ ਡਾਇਰੈਕਟਰ ਹੈਲਥ ਸਰਵਿਸਿਜ਼ ਸੰਭਾਵਤ ਪਲਾਜ਼ਮਾ ਦਾਨੀ ਨਾਲ ਤਾਲਮੇਲ ਬਣਾ ਰਹੇ ਹਨ। ਵੀਡੀਓ ਕਾਨਫਰੰਸਿੰਗ ਤੋਂ ਪਹਿਲਾਂ ਇਹ ਦੱਸਿਆ ਗਿਆ ਸੀ ਕਿ ਆਧੁਨਿਕ ਟੈਕਨਾਲੋਜੀ ਦੀ ਵਰਤੋਂ ਥੈਰੇਪੀ ‘ਚ ਕੀਤੀ ਜਾਏਗੀ। ਇਸ ਦਾ ਪ੍ਰਬੰਧ ਰਾਜ ਸਰਕਾਰ ਦੇ ਸਿਹਤ ਸਲਾਹਕਾਰ ਅਤੇ ਪੀਜੀਆਈ ਦੇ ਸਾਬਕਾ ਡਾਇਰੈਕਟਰ ਡਾ. ਕੇ ਕੇ ਤਲਵਾੜ ਕਰ ਰਹੇ ਹਨ।

ਏਮਜ਼ ਦੇ ਮੈਡੀਸਨ ਵਿਭਾਗ ਦੇ ਪ੍ਰੋਫੈਸਰ ਨਵਲ ਵਿਕਰਮ ਨੇ ਕਿਹਾ ਕਿ ਕੋਰੋਨਾ ਤੋਂ ਪੀੜਤ 4 ਲੋਕਾਂ ਦਾ ਇਲਾਜ ਉਸ ਵਿਅਕਤੀ ਦੇ ਖ਼ੂਨ ਨਾਲ ਕੀਤਾ ਜਾ ਸਕਦਾ ਹੈ, ਜੋ ਕੋਰੋਨਾ ਨਾਲ ਠੀਕ ਹੋ ਚੁੱਕੇ ਹਨ। ਏਮਜ਼ ਵਿਭਾਗ ਦੇ ਮੈਡੀਸਨ ਵਿਭਾਗ ਦੇ ਪ੍ਰੋਫੈਸਰ ਡਾ. ਨਵਲ ਵਿਕਰਮ ਦੇ ਅਨੁਸਾਰ ਇਹ ਇਲਾਜ ਪ੍ਰਣਾਲੀ ਇਸ ਧਾਰਨਾ 'ਤੇ ਕੰਮ ਕਰਦੀ ਹੈ ਕਿ ਉਹ ਮਰੀਜ਼ ਜੋ ਕਿਸੇ ਲਾਗ ਤੋਂ ਠੀਕ ਹੋ ਜਾਂਦੇ ਹਨ, ਉਨ੍ਹਾਂ ਦੇ ਸਰੀਰ 'ਚ ਲਾਗ ਨੂੰ ਬੇਅਸਰ ਕਰਨ ਵਾਲੇ ਪ੍ਰਤੀਰੋਧਕ ਐਂਟੀਬਾਡੀਜ਼ ਵਿਕਸਿਤ ਹੋ ਜਾਂਦੀਆਂ ਹਨ। ਇਸ ਤੋਂ ਬਾਅਦ ਨਵੇਂ ਮਰੀਜ਼ ਦੇ ਸਰੀਰ 'ਚ ਪੁਰਾਣੇ ਠੀਕ ਹੋ ਚੁੱਕੇ ਮਰੀਜ਼ਾਂ ਦਾ ਖ਼ੂਨ ਪਾ ਕੇ ਇਨ੍ਹਾਂ ਨੂੰ ਐਂਟੀਬਾਡੀਜ਼ ਰਾਹੀਂ ਨਵੇਂ ਮਰੀਜ਼ ਦੇ ਸਰੀਰ 'ਚ ਮੌਜੂਦ ਵਾਇਰਸ ਨੂੰ ਖ਼ਤਮ ਕੀਤਾ ਜਾਂਦਾ ਹੈ।