ਪੰਜਾਬ ਲਈ ਖ਼ਤਰੇ ਦੀ ਘੰਟੀ, ਟਰੱਕ ਭਰ ਕੇ ਆਏ 50 ਤੋਂ ਵੱਧ ਸ਼ੱਕੀ

Tags

ਕਰਫ਼ਿਊ ’ਤੇ ਲੌਕਡਾਊਨ ਦੌਰਾਨ ਵੱਖ ਵੱਖ ਰਾਜਾਂ ਵਿਚ ਸੁਰੱਖ਼ਿਆ ਨਾਕਿਆਂ ’ਤੇ ਮੁੱਖ ਮਾਰਗਾਂ ’ਤੇ ਚੱਲ ਰਹੀ ਚੈਕਿੰਗ ਦੀ ਪੋਲ ਖੋਲ੍ਹਦਿਆਂ ਅੱਜ ਇਕ ਟਰੱਕ ਲਗਪਗ 650 ਕਿਲੋਮੀਟਰ ਦ ਸਫ਼ਰ ਕਰਦਿਆਂ 60 ਵਿਅਕਤੀਆਂ ਨੂੰ ਲੈ ਕੇ ਗਵਾਲੀਅਰ ਤੋਂ ਬਠਿੰਡਾ ਪਹੁੰਚ ਗਿਆ ਪਰ ਇੱਥੇ ਇਹ ਮਾਮਲਾ ਪੁਲਿਸ ਦੇ ਧਿਆਨ ਵਿਚ ਆਉਣ ’ਤੇ ਇਸ ਨੂੰ ਰੋਕਿਆ ਗਿਆ ਹੈ। ਟਰੱਕ ਵਿਚ ਸਵਾਰ ਵਿਅਕਤੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਗਵਾਲੀਅਰ ਤੋਂ ਲੈ ਕੇ ਪੰਜਾਬ ਦੇ ਵੱਖ ਵੱਖ ਥਾਂਵਾਂ ’ਤੇ ਉਤਾਰ ਦੇਣ ਦਾ ਭਰੋਸਾ ਦੇ ਕੇ ਸਭ ਤੋਂ 2500 ਰੁਪਏ ਪ੍ਰਤੀ ਵਿਅਕਤੀ ਦੇ ਹਿਸਾਬ ਕਿਰਾਇਆ ਵਸੂਲਿਆ ਗਿਆ।

ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਇਸ ਲਗਪਗ 650 ਕਿਲੋਮੀਟਰ ਲੰਬੇ ਰਸਤੇ ਵਿਚ ਕਿਤੇ ਵੀ ਟਰੱਕ ਦੀ ਚੈਕਿੰਗ ਨਹੀਂ ਹੋਈ। ਟਰੱਕ ਦੇ ਮਗਰ ਲੋਕਾਂ ਨੂੰ ਲੁਕਾਉਣ ਵਾਸਤੇ ਪਿੱਛੇ ਤਰਪਾਲ ਪਾਈ ਹੋਈ ਸੀ। ਇਸ ਟਰੱਕ ਨੂੰ ਬਠਿੰਡਾ ਵਿਚ ਵੱਖ ਵੱਖ ਥਾਂਵਾਂ’ਤੇ ਵਿਅਕਤੀਆਂ ਨੂੰ ਉਤਾਰਦੇ ਵੇਖ਼ੇ ਜਾਣ ਉਪਰੰਤ ਲੋਕਾਂ ਨੇ ਪੁਲਿਸ ਨੂੰ ਚੌਕਸ ਕੀਤਾ। ਇਕ ਪੁਲਿਸ ਮੁਲਾਜ਼ਮ ਅਨੁਸਾਰ ਉਨ੍ਹਾਂ ਨੂੰ ਵੇਖ਼ ਕੇ ਟਰੱਕ ਭਜਾ ਲਿਆ ਗਿਆ ਜਿਸ ਮਗਰੋਂ ਪਿੱਛਾ ਕਰਕੇ ਟਰੱਕ ਨੂੰ ਰੋਕਿਆ ਗਿਆ। ਇਸੇ ਦੌਰਾਨ ਕੁਝ ਹੋਰ ਵਿਅਕਤੀਆਂ ਦੇ ਵੀ ਟਰੱਕ ਤੋਂ ਉੱਤਰ ਕੇ ਵੱਖ ਵੱਖ ਇਲਾਕਿਆਂ ਵੱਲ ਨਿਕਲ ਜਾਣ ਦੀ ਸੂਚਨਾ ਹੈ।

ਮੌਕੇ ’ਤੇ ਮੌਜੂਦ ਲੋਕਾਂ ਅਨੁਸਾਰ ਪੁਲਿਸ ਨੂੰ ਇਸ ਘਟਨਾ ਦੀ ਸੂਚਨਾ ਦਿੱਤੇ ਜਾਣ ਮਗਰੋਂ ਲਗਪਗ ਪੌਣੇ ਘੰਟੇ ਬਾਅਦ ਪੁਲਿਸ ਮੌਕੇ ’ਤੇ ਪੁੱਜੀ ਅਤੇ ਪਹਿਲਾਂ ਪੁੱਜੇ ਐਸ.ਐਚ.ਉ.ਨੇ ਕਿਹਾ ਕਿ ਇਹ ਉਸਦਾ ਇਲਾਕਾ ਨਹੀਂ ਜਿਸ ਮਗਰੋਂ ਦੂਜੇ ਐਸ.ਐਚ.ਉ. ਅਤੇ ਡੀ.ਐਸ.ਪੀ. ਮੌੇਕੇ ’ਤੇ ਪੁੱਜੇ। ਇਸ ਮਗਰੋਂ ਟਰੱਕ ਨੂੰ ਥਾਣੇ ਲਿਜਾਇਆ ਗਿਆ। ਟਰੱਕ ਦੇ ਡਰਾਈਵਰ ਅਨੁਸਾਰ ਉਸ ਕੋਲ ਕੋਈ ਪਾਸ ਨਹੀਂ ਸੀ ਅਤੇ ਰਾਹ ਵਿਚ ਕਿਸੇ ਨੇ ਕਿਤੇ ਨਹੀਂ ਰੋਕਿਆ, ਕੋਈ ਚੈÎਕਿੰਗ ਨਹੀਂ ਹੋਈ। ਉਸਨੇ ਕਿਹਾ ਕਿ ਇਹ ਲੋਕ ਉੱਥੇ ਅੜੇ ਪਏ ਸਨ ਅਤੇ ਉਸਨੇੇ ਤਾਂ ਇਨ੍ਹਾਂ ਨੂੰ ਪੰਜਾਬ ਪੁਚਾ ਕੇ ਭਲਾ ਹੀ ਕੀਤਾ ਹੈ।

60 ਵਿਅਕਤੀਆਂ ਦੇ ਟਰੱਕ ਦੇ ਅੰਦਰ ਤਾੜੇ ਹੋਣ ਨਾਲ ‘ਸੋਸ਼ਲ ਡਿਸਟੈਂਸਿੰਗ’ ਵਾਲਾ ਕੋਈ ਮਸਲਾ ਹੀ ਨਹੀਂ ਰਿਹਾ। ਪੁਲਿਸ ਅਤੇ ਪ੍ਰਸ਼ਾਸ਼ਨ ਹੁਣ ਇਨ੍ਹਾਂ ਲੋਕਾਂ ਨੂੰ ‘ਕੁਆਰਨਟੀਨ’ ਕਰਨ ’ਤੇ ਵਿਚਾਰ ਕਰ ਰਿਹਾ ਹੈ ਜਦਕਿ ਪੁਲਿਸ ਤੇ ਪ੍ਰਸ਼ਾਸ਼ਨ ਦੀ ਅਸਲ ਮੁਸ਼ਕਿਲ ਤਾਂ ਉਹ ਲੋਕ ਹਨ ਜੋ ਟਰੱਕ ਵਿਚੋਂ ਪਹਿਲਾਂ ਰਸਤੇ ਵਿਚ ਉਤਾਰੇ ਗਏ ਅਤੇ ਜੋ ਟਰੱਕ ਬਠਿੰਡਾ ਪੁੱਜਣ ’ਤੇ ਰੌਲਾ ਪੈਣ ਪਿੱਛੋਂ ਮੌਕੇ ’ਤੋਂ ਫ਼ਰਾਰ ਹੋਣ ਵਿਚ ਸਫ਼ਲ ਹੋ ਗਏ। ਪਤਾ ਲੱਗਾ ਹੈ ਕਿ ਇਸ ਟਰੱਕ ਨੇ ਬਠਿੰਡਾ ਹੁੰਦੇ ਹੋਏ ਲੁਧਿਆਣੇ ਤਕ ਜਾਣਾ ਸੀ। ਇਹ ਵੀ ਖ਼ਬਰ ਹੈ ਕਿ ਬਠਿੰਡਾ ਪੁਲਿਸ ਨੇ ਟਰੱਕ ਨੂੰ ਜ਼ਬਤ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਇਸ ਟਰੱਕ ਮਾਲਕ ਅਤੇ ਡਰਾਈਵਰ ਨੇ ਟਰੱਕਾਂ ਦੀ ਆਵਾਜਾਈ ਖੋਲ੍ਹੇ ਜਾਣ ਦਾ ਫ਼ਾਇਦਾ ਲੈ ਕੇ ਇਨ੍ਹਾਂ ਲੋਕਾਂ ਨੂੰ ਘਰ ਪੁਚਾਉਣ ਦਾ ਸੌਦਾ ਮਾਰ ਲਿਆ। ਟਰੱਕ ਵਿਚ ਸਵਾਰ ਇਕ ਵਿਅਕਤੀ ਅਨੁਸਾਰ ਉਸਨੂੰ ਇਕ ਜਗ੍ਹਾ ਉੱਤਰਣ ਲਈ ਕਿਹਾ ਗਿਆ ਪਰ ਉਹ ਇਹ ਕਹਿ ਕੇ ਨਹੀਂ ਉੱਤਰਿਆ ਕਿ ਉਨ੍ਹਾਂ ਨੂੰ ਘਰੋ ਘਰ ਪੁਚਾਉਣ ਦੀ ਗੱਲ ਹੋਈ ਸੀ।