ਸੰਗਰੂਰ ਤੋਂ ਬਾਅਦ ਹੁਣ ਭਗਵੰਤ ਮਾਨ ਪਹੁੰਚ ਗਿਆ ਅੰਮ੍ਰਿਤਸਰ, ਸੰਭਾਲ ਲਈ ਕਮਾਨ

Tags

ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ਼ ਵਜੋਂ ਦਿੱਲੀ ਦੇ ਵਿਧਾਇਕ ਜਰਨੈਲ ਸਿੰਘ ਨੇ ਕਮਾਨ ਸੰਭਾਲ ਲਈ ਹੈ। ਉਨ੍ਹਾਂ ਅੱਜ ਅੰਮ੍ਰਿਤਸਰ ਪਹੁੰਚ ਕੇ ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ। ਉਨ੍ਹਾਂ ਨਾਲ ਪੰਜਾਬ ਪ੍ਰਧਾਨ ਭਗਵੰਤ ਮਾਨ ਤੇ ਹੋਰ ਲੀਡਰ ਵੀ ਮੌਜੂਦ ਸਨ। ਕਾਂਗਰਸ ਦਾ ਮਜ਼ਾਕ ਉਡਾਉਂਦਿਆਂ ਭਗਵੰਤ ਮਾਨ ਨੇ ਕਿਹਾ ਕਿ ਹੁਣ ਤਾਂ ਪੈਟਰੋਲ ਪੰਪ ਵਾਲੇ ਵੀ ਕਹਿਣ ਲੱਗੇ ਹਨ ਕਿ ਮੀਟਰ 'ਤੇ ਕਾਂਗਰਸ ਜ਼ੀਰੋ ਚੈੱਕ ਕਰ ਲਓ ਜੀ। ਉਨ੍ਹਾਂ ਕਿਹਾ ਕਿ ਕੈਪਟਨ ਦਿੱਲੀ ਗਏ ਸੀ ਪਰ ਬੱਸ 'ਤੇ ਦਿਲੀ ਦੇਖ ਵਾਪਸ ਆ ਗਏ। ਉਨ੍ਹਾਂ ਨੂੰ ਪਤਾ ਸੀ ਕਿ ਦਿੱਲੀ ਵਿੱਚ ਜਿੱਤ ਔਖੀ ਹੈ। ਇਸ ਮੌਕੇ ਪਾਰਟੀ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ਤੋਂ ਬਾਅਦ ਹੁਣ ਪੰਜਾਬ ਲਈ ਅਰਦਾਸ ਕਰਨ ਪਹੁੰਚੇ ਹਾਂ।

ਯਾਦ ਰਹੇ ਜਰਨੈਲ ਸਿੰਘ ਦਿੱਲੀ ਦੇ ਤਿਲਕ ਨਗਰ ਦੇ ਵਿਧਾਇਕ ਹਨ ਤੇ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਉਹ ਪਾਰਟੀ ਨਾਲ ਰੁੱਸੇ ਆਗੂਆਂ ਨੂੰ ਮਨਾਉਣ ਦੀ ਹਰ ਸੰਭਵ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਦਾ ਆਸਰਾ ਲੈਣ ਮਗਰੋਂ ਉਹ ਪਾਰਟੀ ਦੇ ਵਿਧਾਇਕਾਂ ਤੇ ਆਗੂਆਂ ਨਾਲ ਰਾਬਤਾ ਕਾਇਮ ਕਰਨਗੇ। ਉਨ੍ਹਾਂ ਕਿਹਾ ਕਿ ਜੋ ਵੀ ਪੰਜਾਬ ਦੀ ਭਲਾਈ ਲਈ ਸਾਡੇ ਨਾਲ ਆਉਣਾ ਚਾਹੁੰਦਾ ਹੈ, ਉਸ ਦਾ ਸਵਾਗਤ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਵੱਡੀ ਜਿੱਤ ਲਈ ਅਸੀਂ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਪਹੁੰਚੇ ਹਾਂ।